ਸਿਰਸਾ: ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਵੱਲੋਂ ਸਮੂਹਿਕ ਭੁੱਖ ਹੜਤਾਲ
ਪ੍ਰਭੂ ਦਿਆਲ
ਸਿਰਸਾ, 12 ਅਗਸਤ
ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ 24ਵੇਂ ਸਥਾਪਨਾ ਦਿਵਸ ਦੇ ਮੌਕੇ ਹਰਿਆਣਾ ਅਧਿਆਪਕ ਸੰਘ ਨਾਲ ਜੁੜੇ ਅਧਿਆਪਕਾਂ ਨੇ ਸਮੂਹਿਕ ਭੁੱਖ ਹੜਤਾਲ ਕੀਤੀ।
ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਥੇ ਮਿੰਨੀ ਸਕੱਤਰੇਤ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੇ ਅਧਿਆਪਕਾਂ ਨੂੰ ਸੰਘ ਦੇ ਆਗੂ ਬੂਟਾ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਨਤਕ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਜਗਾਧਰੀ ’ਚ 112 ਦਿਨਾਂ ਤੋਂ ਅਧਿਆਪਕਾਂ ਦੀ ਸੰਕੇਤਿਕ ਭੁੱਖ ਹੜਤਾਲ ਜਾਰੀ ਹੈ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ, ਜਿਸ ਦੇ ਰੋਸ ਵਜੋਂ ਅੱਜ ਅਧਿਆਪਕਾਂ ਨੂੰ ਸਮੂਹਿਕ ਭੁੱਖ ਹੜਤਾਲ ਕਰਨ ਦਾ ਫੈਸਲਾ ਲੈਣਾ ਪਿਆ ਹੈ।
ਸਿੱਖਿਆ ਨੀਤੀ ਲੋਕ ਪੱਖੀ
ਉਨ੍ਹਾਂ ਨੇ ਆਖਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2023 ਨੂੰ ਲੋਕ ਪੱਖੀ ਸਿੱਖਿਆ ਨੀਤੀ ਬਣਾਇਆ ਜਾਏ। ਪੂਰੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਏ। ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਏ। ਸਾਰੀਆਂ ਖਾਲ੍ਹੀ ਆਸਾਮੀਆਂ ਨੂੰ ਭਰਿਆ ਜਾਏ। ਬੱਚਿਆਂ ਦੇ ਚਹੁੰਪੱਖੀ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾਣ। ਸਾਰੇ ਵਿਦਿਆਰਥੀਆਂ ਨੂੰ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦਾ ਭੋਜਨ ਦਿੱਤਾ ਜਾਏ।
ਇਸ ਮੌਕੇ ’ਤੇ ਅਧਿਆਪਕ ਸੰਘ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਚਿਰੰਜੀ ਲਾਲ, ਮੀਤ ਪ੍ਰਧਾਨ ਸੁਨੀਲ ਯਾਦਵ, ਬਲਬੀਰ ਸਿੰਘ, ਜੈਨਵੀਰ ਸਿੰਘ, ਪੁਰਸ਼ੋਤਮ ਸ਼ਾਸਤਰੀ, ਰਾਜਬੀਰ ਕਾਤਿਆਲ, ਗੁਰਮੀਤ ਸਿੰਘ, ਦੇਵੀ ਲਾਲ, ਦਵਿੰਦਰ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਰਮੇਸ਼ ਸੇਠੀ, ਭੀਮ ਰਾਜ, ਅਨਿਲ ਪੀਟੀਆਈ, ਦਿਨੇਸ਼ ਕੁਮਾਰ, ਗੁਰਵਿੰਦਰ ਸਿੰਘ ਤੇ ਨਰੇਸ਼ ਸ਼ਰਮਾ ਮੌਜੂਦ ਸਨ।