ਸਿਰਸਾ: ਮੀਂਹ ਦੀ ਭੇਟ ਚੜ੍ਹੇ ਸਰਕਾਰੀ ਪ੍ਰਬੰਧਾਂ ਦੇ ਦਾਅਵੇ
ਪ੍ਰਭੂ ਦਿਆਲ
ਸਿਰਸਾ, 9 ਜੁਲਾਈ
ਹਾੜ੍ਹ ਮਹੀਨੇ ਪਏ ਭਰਵੇਂ ਮੀਂਹ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਨੀਵੀਆਂ ਕਾਲੋਨੀਆਂ ਵਿੱਚ ਪਾਣੀ ਨਾਲ ਭਰ ਗਈਆਂ। ਕਈ ਦੁਕਾਨਾਂ ’ਚ ਪਾਣੀ ਵੜ ਗਿਆ। ਇੱਥੋਂ ਦਾ ਬੱਸ ਅੱਡਾ ਪਾਣੀ ਨਾਲ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਧਰ, ਮੀਂਹ ਪੈਣ ਮਗਰੋਂ ਇਲਾਕੇ ਵਿੱਚ ਝੋਨੇ ਦੀ ਲੁਆਈ ਦੇ ਕੰਮ ਨੇ ਵੀ ਜ਼ੋਰ ਫੜ ਲਿਆ ਹੈ। ਜ਼ਿਲ੍ਹਾ ਸਿਰਸਾ ਵਿੱਚ ਪਏ ਭਰਵੇਂ ਮੀਂਹ ਨਾਲ ਜਿਥੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਉਥੇ ਹੀ ਸ਼ਹਿਰੀ ਖੇਤਰ ’ਚੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਮੀਂਹ ਲੋਕਾਂ ਲਈ ਮੁਸੀਬਤ ਬਣ ਗਿਆ। ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ। ਕਈ ਵਾਹਨ ਸੜਕਾਂ ’ਤੇ ਫਸ ਗਏ। ਟਰੈਫਿਕ ਪੁਲੀਸ ਨੇ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀਆਂ ਕੋਸ਼ਿਸ਼ਾਂ ਮੀਂਹ ਅੱਗੇ ਨਾਕਾਫੀ ਸਾਬਤ ਹੋਈਆਂ।
ਬੱਸ ਅੱਡਾ ਪਾਣੀ ਨਾਲ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡੇ ਤੋਂ ਬਰਨਾਲਾ ਰੋਡ, ਬਾਲ ਭਵਨ ਤੇ ਸਰਕਾਰੀ ਮਹਿਲਾ ਕਾਲਜ ਤੋਂ ਇਲਾਵਾ ਜਨਤਾ ਭਵਨ ਰੋਡ, ਅੰਬੇਡਕਰ ਚੌਕ, ਹਿਸਾਰ ਰੋਡ ’ਤੇ ਹੁੱਡਾ ਚੌਕ ’ਤੇ ਪਾਣੀ ਭਰ ਗਿਆ। ਉਧਰ ਜਨਤਾ ਭਵਨ ਰੋਡ ਦੇ ਦੁਕਾਨਦਾਰਾਂ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਨਿਖੇਧੀ ਕੀਤੀ ਹੈ। ਦੁਕਾਨਦਾਰ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣ ਦਾ ਦਾਅਵਾ ਕਰ ਰਿਹਾ ਹ, ਦੂਜੇ ਪਾਸੇ ਪਹਿਲੇ ਹੀ ਮੀਂਹ ਨੇ ਕਰੋੜਾਂ ਰੁਪਏ ਦੇ ਕਰਵਾਏ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ।