ਕਰੋਨਾ: ਮੁਹਾਲੀ ਜ਼ਿਲ੍ਹੇ ਵਿੱਚ 25 ਨਵੇਂ ਮਰੀਜ਼
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਜੁਲਾਈ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਮੁਹਾਲੀ ਵਿੱਚ 25 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਨਿ੍ਹਾਂ ਵਿੱਚ 10 ਪੁਰਸ਼ ਅਤੇ 15 ਔਰਤਾਂ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪਹੁੰਚ ਗਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-76 ਵਿੱਚ 30 ਸਾਲ ਦੀ ਔਰਤ, ਫੇਜ਼-1 ਵਿੱਚ 29 ਸਾਲ ਦੀ ਔਰਤ, ਫੇਜ਼-11 ਵਿੱਚ 37 ਸਾਲ ਦੀ ਔਰਤ, ਸੈਕਟਰ-66 ਵਿੱਚ 29 ਸਾਲ ਦੀ ਔਰਤ, ਸੈਕਟਰ-99 ਵਿੱਚ 23 ਸਾਲ ਦਾ ਨੌਜਵਾਨ, ਫੇਜ਼-3ਬੀ2 ਵਿੱਚ 79 ਦੀ ਔਰਤ ਦੀ ਔਰਤ, ਪਿੰਡ ਚਾਓਮਾਜਰਾ ਵਿੱਚ 43 ਸਾਲ ਦਾ ਪੁਰਸ਼, ਏਕੇਐੱਸ ਕਲੋਨੀ ਦੀ 33 ਸਾਲਾ ਔਰਤ, ਈਕੋਸਿਟੀ ਨਿਊ ਚੰਡੀਗੜ੍ਹ ਵਿੱਚ 33 ਸਾਲ ਤੇ 52 ਸਾਲ ਦੀਆਂ ਦੋ ਔਰਤਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਖਰੜ ਵਿੱਚ 31-31 ਸਾਲ ਦੇ ਦੋ ਨੌਜਵਾਨ, ਓਮੇਗਾ ਸਿਟੀ ਖਰੜ ਵਿੱਚ 56 ਸਾਲਾ ਪੁਰਸ਼, ਅਮਨ ਸਿਟੀ ਖਰੜ ਵਿੱਚ 37 ਸਾਲਾ ਪੁਰਸ਼, ਸੰਨੀ ਇਨਕਲੇਵ ਵਿੱਚ 55 ਸਾਲਾ ਪੁਰਸ਼, ਜ਼ੀਰਕਪੁਰ ਵਿੱਚ 26 ਸਾਲ ਤੇ 52 ਸਾਲ ਦੇ ਦੋ ਪੁਰਸ਼ ਅਤੇ 21 ਸਾਲ, 22 ਸਾਲ, 23 ਸਾਲ ਅਤੇ 24 ਸਾਲ ਦੀਆਂ ਚਾਰ ਲੜਕੀਆਂ, ਡੇਰਾਬੱਸੀ ਵਿੱਚ 60 ਸਾਲ ਦੇ ਬਜ਼ੁਰਗ ਸਮੇਤ 27 ਸਾਲ, 30 ਸਾਲ ਅਤੇ 45 ਸਾਲ ਦੀਆਂ ਤਿੰਨ ਔਰਤਾਂ ਵੀ ਕਰੋਨਾ ਮਹਾਮਾਰੀ ਤੋਂ ਪੀੜਤ ਪਾਈਆਂ ਗਈਆਂ ਹਨ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਅੱਜ ਪੰਜ ਬੱਚਿਆਂ ਸਮੇਤ 31 ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ’ਚ ਇਕ ਵਿਅਕਤੀ ਲੰਡਨ ਤੋਂ ਆਇਆ ਹੈ, ਜਦੋਂ ਕਿ ਦੋ ਜਣੇ ਸਿੰਗਾਪੁਰ ਤੋਂ ਆਏ ਹਨ। ਪਾਜ਼ੇਟਿਵ ਕੇਸਾਂ ਵਿੱਚ ਕਈ ਇਕ ਪਰਿਵਾਰ ਦੇ ਜੀਅ ਹਨ। ਸਿਰਸਾ ’ਚ ਕਰੋਨਾ ਪਾਜ਼ੇਟਿਵ ਦਾ ਅੰਕੜਾ 322 ਹੋ ਗਿਆ ਹੈ। ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਹੈ ਕਿ ਜ਼ਿਲ੍ਹਾ ਸਿਰਸਾ ਵਿੱਚ ਪੰਜ ਬੱਚਿਆਂ ਸਮੇਤ 31 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਪਾਜ਼ੇਟਿਵ ਮਿਲੇ ਵਿਅਕਤੀਆਂ ਚੋਂ ਇਕ ਲੰਡਨ ਤੋਂ ਆਇਆ ਹੈ ਜਦੋਂਕਿ ਦੋ ਜਣੇ ਸਿੰਗਾਪੁਰ ਤੋਂ ਆਏ ਹਨ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ‘ਚ ਕਰੋਨਾਵਾਇਰਸ ਦੇ 12 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ‘ਚ 9 ਆਦਮੀ ਅਤੇ 3 ਔਰਤਾਂ ਹਨ। ਇਨ੍ਹਾਂ ਨਵੇਂ ਕੇਸਾਂ ‘ਚ ਡੀਸੀ ਦਫ਼ਤਰ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ।ਪਾਜ਼ੇਟਿਵ ਕੇਸਾਂ ‘ਚ ਫ਼ਾਜ਼ਿਲਕਾ ਤੋਂ 4, ਅਬੋਹਰ ਤੋਂ 2, ਜਲਾਲਾਬਾਦ ਤੋਂ 2 ਅਤੇ 1 ਕੇਸ ਜੰਡਵਾਲਾ ਬਲਾਕ ਤੋਂ ਹੈ।