ਆਸ਼ਾ ਵਰਕਰਾਂ ਵੱਲੋਂ ਸਿਰਸਾ-ਬਰਨਾਲਾ ਮਾਰਗ ਜਾਮ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 25 ਸਤੰਬਰ
ਸਰਕਾਰੀ ਕਰਮਚਾਰੀ ਦਾ ਦਰਜਾ ਤੇ ਹੋਰ ਮੰਗਾਂ ਮੰਨਵਾਉਣ ਲਈ ਪਿਛਲੇ 50 ਦਿਨਾਂ ਤੋਂ ਮਿਨੀ ਸਕੱਤਰੇਤ ਅੱਗੇ ਧਰਨਾ ਦੇ ਰਹੀਆਂ ਆਸ਼ਾ ਵਰਕਰਾਂ ਨੇ ਅੱਜ ਸਿਰਸਾ-ਬਰਨਾਲਾ ਰੋਡ ’ਤੇ ਜ਼ਿਲ੍ਹਾ ਜੇਲ੍ਹ ਨੇੜੇ ਜਾਮ ਲਾ ਦਿੱਤਾ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਆਸ਼ਾ ਵਰਕਰਾਂ ਵੱਲੋਂ ਜਾਮ ਲਾਏ ਜਾਣ ਪੁਲੀਸ ਨੇ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਤੇ ਆਸ਼ਾ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਸ਼ਾ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੱਕ ਆਪਣੀ ਮੰਗ ’ਤੇ ਅੜੀਆਂ ਰਹੀਆਂ। ਇਸ ਦੌਰਾਨ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਨਾ, ਪਿੰਕੀ, ਸ਼ਿਮਲਾ ਕੰਬੋਜ ਨੇ ਕਿਹਾ ਕਿ ਕਰੋਨਾ ਦੌਰ ਦੌਰਾਨ ਪਹਿਲੀ ਕਤਾਰ ’ਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਸਰਕਾਰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਦਾ ਦਰਜਾ ਤੇ ਤਨਖਾਹ ਘੱਟੋ ਘੱਟ 26 ਹਜ਼ਾਰ ਰੁਪਏ ਮਹੀਨਾ ਕਰਨ ਦੀ ਮੰਗ ਲਈ ਹਰਿਆਣਾ ਵਿੱਚ ਆਸ਼ਾ ਵਰਕਰਾਂ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਤੇ ਹੋਰ ਸਰਕਾਰ ’ਚ ਸ਼ਾਮਲ ਲੋਕਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾਵਾਂ ਤੱਕ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਦੇ ਕੰਨਾਂ ’ਤੇ ਕੋਈ ਜੂੰ ਨਹੀਂ ਸਰਕ ਰਹੀ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਈ ਘੰਟਿਆਂ ਦੀ ਜੱਦੋਜਹਿਦ ਮਗਰੋਂ ਆਸ਼ਾ ਵਰਕਰਾਂ ਨੇ ਰੋਡ ਦਾ ਇਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਪਰ ਦੂਜੇ ਪਾਸੇ ’ਤੇ ਆਸ਼ਾ ਵਰਕਰ ਖ਼ਬਰ ਲਿਖੇ ਜਾਣ ਤੱਕ ਡੱਟੀਆਂ ਹੋਈਆਂ ਸਨ।