ਸਿਰਸਾ: ਸਬਜ਼ੀਆਂ ਤੇ ਫ਼ਲਾਂ ਦੀ ਵਿਕਰੀ ’ਤੇ ਇਕਮੁਸ਼ਤ ਮਾਰਕੀਟ ਫੀਸ ਲਾਉਣ ਖ਼ਿਲਾਫ਼ ਆੜ੍ਹਤੀਆਂ ਦੀ ਹੜਤਾਲ
ਪ੍ਰਭੂ ਦਿਆਲ
ਸਿਰਸਾ, 20 ਦਸੰਬਰ
ਸਬਜ਼ੀਆਂ ਅਤੇ ਫਲਾਂ ’ਤੇ ਇਕਮੁਸ਼ਤ ਮਾਰਕੀਟ ਫੀਸ ਅਤੇ 1 ਫੀਸਦੀ ਐੱਚਆਰਡੀਐੱਫ ਲਗਾਉਣ ਦੇ ਵਿਰੋਧ ’ਚ ਅੱਜ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਸਬਜ਼ੀ ਮੰਡੀ ਬੰਦ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆੜ੍ਹਤੀ ਤੇ ਵਪਾਰੀ ਅੱਜ ਸਵੇਰੇ ਸਬਜ਼ੀ ਮੰਡੀ ਵਿੱਚ ਇਕੱਠੇ ਹੋਏ ਅਤੇ ਮੰਡੀ ਬੰਦ ਕਰਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਆੜ੍ਹਤੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੰਗਾਰਾਮ ਬਜਾਜ ਨੇ ਦੱਸਿਆ ਕਿ ਪਹਿਲਾਂ ਸਰਕਾਰ ਇੱਕ ਪ੍ਰਤੀਸ਼ਤ ਮਾਰਕੀਟ ਫੀਸ ਅਤੇ ਇੱਕ ਪ੍ਰਤੀਸ਼ਤ ਐੱਚਆਰਡੀਐੱਫ ਵਸੂਲਦੀ ਸੀ, ਜਿਸ ਦਾ ਭੁਗਤਾਨ ਹਰ ਸੋਮਵਾਰ ਨੂੰ ਮਾਲ ਦੀ ਵਿਕਰੀ ਤੋਂ ਬਾਅਦ ਕੀਤਾ ਜਾਂਦਾ ਸੀ ਪਰ ਹੁਣ ਸਰਕਾਰ ਨੇ ਮਾਰਕੀਟ ਫੀਸ ਇਕਮੁਸ਼ਤ ਲੈਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਟਵੀਟ ਕੀਤਾ ਸੀ ਕਿ ਮਾਰਕੀਟ ਫੀਸ ਵਿੱਚ ਰਾਹਤ ਦਿੱਤੀ ਗਈ ਹੈ ਤਾਂ ਆੜ੍ਹਤੀਆਂ ਨੇ ਮਠਿਆਈਆਂ ਵੰਡੀਆਂ ਪਰ ਇਸ ਨੂੰ ਅਮਲੀ ਰੂਪ ’ਚ ਲਾਗੂ ਕਰਨ ਦੀ ਬਜਾਏ ਹੁਣ ਇਕਮੁਸ਼ਤ ਮਾਰਕੀਟ ਫੀਸ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਬਜ਼ੀ ਵਪਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਹਰਿਆਣਾ ਸਬਜ਼ੀ ਆੜ੍ਹਤੀ ਐਸੋਸੀਏਸ਼ਨ ਸਖ਼ਤ ਫੈਸਲਾ ਲਵੇਗੀ ਅਤੇ ਇਸ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ। ਇਸ ਮੌਕੇ ’ਤੇ ਆੜ੍ਹਤੀ ਐਸੋਸੀਏਸ਼ਨ ਤੇ ਸਬਜ਼ੀ ਵਪਾਰੀ ਵੱਡੀ ਗਿਣਤੀ ’ਚ ਮੌਜੂਦ ਸਨ।