ਸਿਰਮੌਰ ਅੰਕੜਾ ਵਿਗਿਆਨੀ ਪ੍ਰੋ. ਸੀਆਰ ਰਾਓ
ਅਤਾਨੂੰ ਬਿਸਵਾਸ
ਉੱਘੇ ਭਾਰਤੀ-ਅਮਰੀਕੀ ਅੰਕੜਾ ਵਿਗਿਆਨੀ ਪ੍ਰੋਫੈਸਰ ਸੀਆਰ ਰਾਓ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਹੋਰ ਕੁਝ ਹਫ਼ਤਿਆਂ ਤਾਈਂ ਉਨ੍ਹਾਂ 103 ਸਾਲਾਂ ਦੇ ਹੋ ਜਾਣਾ ਸੀ। 1980ਵਿਆਂ ਦੇ ਅਖੀਰ ’ਚ ਕਲਕੱਤਾ ਯੂਨੀਵਰਸਿਟੀ ਦੀਆਂ ਅੰਡਰਗ੍ਰੈਜੁਏਟ ਕਲਾਸਾਂ ਵਿਚ ਮੈਨੂੰ ਕਰੈਮਰ-ਰਾਓ ਅਸਮਾਨਤਾ, ਰਾਓ-ਬਲੈਕਵੈਲ ਥਿਓਰਮ ਅਤੇ ਰਾਓ’ਜ਼ ਸਕੋਰ ਦੀ ਪੜ੍ਹਾਈ ਚੇਤੇ ਹੈ। ਮੈਨੂੰ ਉਦੋਂ ਇਹ ਨਹੀਂ ਸੀ ਪਤਾ ਕਿ ਪ੍ਰੋ. ਰਾਓ ਦਾ ਉਹ ਮਿਸਾਲੀ ਖੋਜ ਪੱਤਰ (1945) ਉਦੋਂ ਪ੍ਰਕਾਸ਼ਤ ਹੋਇਆ ਸੀ ਜਦੋਂ ਉਹ ਸਿਰਫ਼ 25 ਸਾਲ ਦੇ ਸਨ। ਉਨ੍ਹਾਂ ਦੇ ਪ੍ਰਸਿੱਧ ‘ਸਕੋਰ ਟੈਸਟ’ ਦੀ ਥਿਊਰੀ 1949 ਵਿਚ ਇਕ ਪੇਪਰ ਵਿਚ ਪ੍ਰਕਾਸ਼ਤ ਹੋਈ ਸੀ। ਅਸਲ ਵਿਚ ਇਸ ਦਾ ਫੁਰਨਾ ਉਨ੍ਹਾਂ ਨੂੰ 1946-47 ਵਿਚ ਉਦੋਂ ਆਇਆ ਸੀ ਜਦੋਂ ਉਹ ਉੱਘੇ ਅੰਕੜਾ ਵਿਗਿਆਨੀ ਸਰ ਰੋਨਾਲਡ ਏ ਫਿਸ਼ਰ (ਆਧੁਨਿਕ ਅੰਕੜਾ ਸ਼ਾਸਤਰ ਦੇ ਮੋਹਰੀਆਂ ’ਚੋਂ ਇਕ) ਦੇ ਮਾਰਗ ਦਰਸ਼ਨ ਹੇਠ ਆਪਣੀ ਪੀਐੱਚਡੀ ਕਰ ਰਹੇ ਹਨ।
ਕਲਕੱਤਾ ਯੂਨੀਵਰਸਿਟੀ ਵਿਚ ਮੇਰੇ ਮਾਸਟਰਜ਼ ਕੋਰਸ ਦਾ ਪਹਿਲਾ ਸਾਲ ਸੀ ਜਦੋਂ ਮੈਂ ਪ੍ਰੋਫੈਸਰ ਰਾਓ ਨੂੰ ਪਹਿਲੀ ਵਾਰ ਇਕ ਕਾਨਫਰੰਸ ਵਿਚ ਮਿਲਿਆ ਸਾਂ। ਉਦੋਂ ਤੱਕ ਮੈਨੂੰ ਪਤਾ ਲੱਗ ਗਿਆ ਸੀ ਕਿ ਕਲਿਆਮਪੁਡੀ ਰਾਧਾਕ੍ਰਿਸ਼ਨ ਰਾਓ ਅੰਕੜਾ ਸ਼ਾਸਤਰ ਦੀ ਦੁਨੀਆ ਵਿਚ ਵੱਡਾ ਨਾਂ ਹਨ। ਜਦੋਂ ਮੈਂ ਪੀਐੱਚਡੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਮੈਨੂੰ ਆਖਿਆ ਕਿ ਮੇਰੀ ਐੱਮਐੱਸਸੀ ਦੇ ਦੂਜੇ ਸਾਲ ਦੌਰਾਨ ਉਨ੍ਹਾਂ ਨੂੰ ਚਿੱਠੀ ਲਿਖਾਂ। ਪ੍ਰੋ. ਰਾਓ ਉਦੋਂ 71 ਸਾਲ ਦੇ ਸਨ ਅਤੇ ਭਾਰਤੀ ਅੰਕੜਾ ਵਿਗਿਆਨ ਸੰਸਥਾ ਤੋਂ ਸੇਵਾਮੁਕਤੀ ਪਾ ਕੇ ਅਮਰੀਕਾ ਵਿਚ ਵਸ ਗਏ ਸਨ। ਹਾਲਾਂਕਿ ਮੈਂ ਆਪਣੀ ਪੀਐੱਚਡੀ ਭਾਰਤ ਵਿਚ ਹੀ ਕਰਨ ਦਾ ਮਨ ਬਣਾਇਆ ਪਰ ਭਾਰਤ ਅਤੇ ਵਿਦੇਸ਼ ਵਿਚ ਵੀ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਭਾਸ਼ਣ ਸੁਣਨ ਦੇ ਬਹੁਤ ਸਾਰੇ ਮੌਕੇ ਬਣਦੇ ਰਹੇ।
ਇਸ ਸਾਲ ਦੇ ਸ਼ੁਰੂ ਵਿਚ ਪ੍ਰੋ. ਰਾਓ ਨੂੰ ਅੰਕੜਾ ਵਿਗਿਆਨ ਦਾ ਦੋ ਸਾਲਾਂ ਬਾਅਦ ਦਿੱਤਾ ਜਾਂਦਾ ਕੌਮਾਂਤਰੀ ਪੁਰਸਕਾਰ ਦਿੱਤਾ ਗਿਆ ਸੀ ਜੋ ਅੰਕੜਾ ਵਿਗਿਆਨ ਦੇ ਖੇਤਰ ਵਿਚ ਨੋਬੇਲ ਪੁਰਸਕਾਰ ਜਿੱਡਾ ਵਕਾਰੀ ਹੈ। ਅਸਲ ਵਿਚ ਇਹ ਉਨ੍ਹਾਂ ਦੇ 1945 ਵਾਲੇ ਪੇਪਰ ਦੀ ਮਾਨਤਾ ਸੀ। ਆਪਣੇ ਲੰਮੇ ਤੇ ਸ਼ਾਨਾਮੱਤੇ ਕਰੀਅਰ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਇਨਾਮ ਤੇ ਸਨਮਾਨ ਮਿਲੇ ਸਨ। ਸੰਨ 2002 ਵਿਚ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਤਤਕਾਲੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵਲੋਂ ‘ਪ੍ਰੋਫੇਟ ਆਫ ਬੈਟਰ ਏਜ’ (ਬਿਹਤਰ ਯੁੱਗ ਦਾ ਮਸੀਹਾ) ਖਿਤਾਬ ਦਿੱਤਾ ਗਿਆ ਸੀ ਅਤੇ “ਅੰਕੜਾ ਵਿਗਿਆਨ ਦੇ ਸਿਧਾਂਤ ਦੀਆਂ ਨੀਂਹਾਂ ਰੱਖਣ ਵਿਚ ਦਿੱਤੇ ਮੋਹਰੀ ਯੋਗਦਾਨ ਅਤੇ ਭੌਤਿਕ, ਜੈਵਿਕ, ਗਣਿਤ, ਆਰਥਿਕ ਅਤੇ ਇੰਜਨੀਅਰਿੰਗ ਵਿਗਿਆਨਾਂ ਨੂੰ ਬਿਹਤਰ ਬਣਾਉਣ ਲਈ ਉਕਤ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਲਈ ਪਾਏ ਯੋਗਦਾਨ ਬਦਲੇ ਉਨ੍ਹਾਂ ਨੂੰ ‘ਨੈਸ਼ਨਲ ਮੈਡਲ ਆਫ ਸਾਇੰਸ’ ਨਾਲ ਸਨਮਾਨਿਤ ਕੀਤਾ ਗਿਆ ਸੀ।”
ਭਾਰਤ ਵਿਚ ਹੈਦਰਾਬਾਦ ਯੂਨੀਵਰਸਿਟੀ ਸਾਹਮਣੀ ਸੜਕ ਦਾ ਨਾਂ ਪ੍ਰੋ. ਰਾਓ ਦੇ ਨਾਂ ’ਤੇ ਰੱਖਿਆ ਗਿਆ ਹੈ। ਯੂਨੀਵਰਸਿਟੀ ਕੈਂਪਸ ਅੰਦਰ ਸੀਆਰ ਰਾਓ ਐਡਵਾਂਸਡ ਇੰਸਟੀਚਿਊਟ ਆਫ ਮੈਥੇਮੈਟਿਕਸ, ਸਟੈਟਿਸਟਿਕਸ ਐਂਡ ਕੰਪਿਊਟਰ ਸਾਇੰਸ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੋ. ਰਾਓ ਦੇ ਨਾਂ ’ਤੇ ਸਟੈਟਿਸਟਿਕਸ ਵਿਚ ਭਾਰਤ ਦਾ ਕੌਮੀ ਪੁਰਸਕਾਰ ਸਥਾਪਤ ਕੀਤਾ ਗਿਆ ਸੀ।
ਪ੍ਰੋ. ਰਾਓ ਦੇ ਬਹੁਤ ਸਾਰੇ ਹੋਰਨਾਂ ਵਿਦਿਆਰਥੀਆਂ ਵਾਂਗ ਉਨ੍ਹਾਂ ਨਾਲ ਮੇਰਾ ਵਾਹ ਉਨ੍ਹਾਂ ਦੀ ਕਿਤਾਬ ‘ਲੀਨੀਅਰ ਸਟੈਟਿਸਟਿਕਲ ਇਨਫਰੈਂਸ ਐਂਡ ਇਟਸ ਐਪਲੀਕੇਸ਼ਨ’ ਜ਼ਰੀਏ ਪਿਆ ਸੀ। ਇਸ ਤੋਂ ਬਾਅਦ 1989 ਵਿਚ ਆਈ ਉਨ੍ਹਾਂ ਦੀ ਕਿਤਾਬ ‘ਸਟੈਟਿਸਟਿਕਸ ਐਂਡ ਟਰੁਥ’ ਮੇਰੀ ਪਸੰਦੀਦਾ ਕਿਤਾਬ ਬਣ ਗਈ। ਉੱਘੇ ਬਰਤਾਨਵੀ ਅੰਕੜਾ ਵਿਗਿਆਨੀ ਸਰ ਡੇਵਿਡ ਕੌਕਸ ਦਾ ਖਿਆਲ ਸੀ ਕਿ ਇਸ ਵਿਚ ਅੰਕੜਾ ਸ਼ਾਸਤਰ ਦੇ ਤਰਕਾਂ ਦੀ ਫਿ਼ਤਰਤ ਨੂੰ ਪੁਰਜ਼ੋਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕੌਕਸ ਨੇ ਲਿਖਿਆ ਸੀ- “ਆਮ ਪਾਠਕ ਲਈ ਇਸ ਵਿਸ਼ੇ ਨਾਲ ਜਾਣ ਪਛਾਣ ਕਰਾਉਣ ਲਈ ਇਸ ਤੋਂ ਬਿਹਤਰ ਹੋਰ ਕੋਈ ਕਿਤਾਬ ਮੇਰੀ ਨਜ਼ਰ ਨਹੀਂ ਪਈ।” ਤੇ ਮੈਂ ਜਦੋਂ ਸੋਚਦਾ ਹਾਂ, ਮੇਰੇ ਖਿਆਲ ਵਿਚ ਪ੍ਰੋ. ਰਾਓ ਤੋਂ ਬਿਹਤਰ ਹੋਰ ਕੋਈ ਅੰਕੜਾ ਵਿਗਿਆਨੀ ਨਹੀਂ ਆਉਂਦਾ।