ਸਰਹਿੰਦ ਨਹਿਰ ਦੀ ਨਵੇਂ ਡਿਜ਼ਾਈਨ ਨਾਲ ਹੋਵੇਗੀ ਰੀਲਾਈਨਿੰਗ: ਸੇਖੋਂ
ਜਸਵੰਤ ਜੱਸ
ਫਰੀਦਕੋਟ, 20 ਨਵੰਬਰ
ਜਲ ਸਰੋਤ ਵਿਭਾਗ ਪੰਜਾਬ ਵੱਲੋਂ ਸਰਹਿੰਦ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਕੰਮ ਜੋ ਕਿ ਫਰੀਦਕੋਟ ਦੇ 10 ਕਿਲੋਮੀਟਰ ਖੇਤਰ ਵਿੱਚ ਰੁਕਿਆ ਹੋਇਆ ਸੀ, ਨੂੰ ਦੁਬਾਰਾ ਨਵਾਂ ਡਿਜ਼ਾਈਨ ਕਰਕੇ ਲੋਕਾਂ ਦੀ ਮੰਗ ਅਨੁਸਾਰ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਹਿੰਦ ਫੀਡਰ ਨਹਿਰ ਦੇ ਫਰੀਦਕੋਟ ਸ਼ਹਿਰ ਦੇ ਨਾਲ ਲਗਦੇ ਕਰੀਬ 10 ਕਿਲੋਮੀਟਰ ਏਰੀਏ ਦੀ ਰੀ-ਲਾਈਨਿੰਗ ਦਾ ਕੰਮ ਰੋਕ ਦਿੱਤਾ ਗਿਆ ਸੀ ਅਤੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਪਹਿਲਾਂ ਵਾਲੇ ਡਿਜ਼ਾਈਨ ਅਨੁਸਾਰ ਨਹਿਰ ਦੇ ਪਾਣੀ ਦਾ ਜ਼ਮੀਨ ਵਿੱਚ ਰੀਚਾਰਜ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੁਣ ਇਹ ਨਵਾਂ ਡਿਜ਼ਾਈਨ ਤਿਆਰ ਕਰ ਕੇ ਨਹਿਰੀ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਵਾਲਾ ਪ੍ਰਾਜੈਕਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਲੈ ਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਜਲ ਸਰੋਤ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਸ਼ਹਿਰ ਨਾਲ ਲੱਗਦੀ ਸਰਹਿੰਦ ਨਹਿਰ ਦੇ ਕਰੀਬ 10 ਕਿਲੋਮੀਟਰ ਹਿੱਸੇ ਦੀ ਰੀਲਾਈਨਿੰਗ ਲਈ ਨਵਾਂ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਨਹਿਰ ਦੇ ਬੈੱਡ ਦੇ ਵਿਚਾਲੇ 10-10 ਮੀਟਰ ਤੋਂ ਬਾਅਦ 1-1 ਮੀਟਰ ਦੀ ਲੰਬਾਈ ਚੌੜਾਈ ਦੇ ਬੋਲਡਰ ਬਲਾਕ ਛੱਡੇ ਜਾਣਗੇ, ਜਿਸ ਨੂੰ ਪੱਕਾ ਨਹੀਂ ਕੀਤਾ ਜਾਵੇਗਾ, ਬਲਕਿ ਇਸ ਵਿੱਚ ਗੀਟੇ, ਪੱਥਰ ਰੱਖੇ ਜਾਣਗੇ ਤਾਂ ਜੋ ਜ਼ਮੀਨ ਵਿੱਚ ਨਹਿਰੀ ਪਾਣੀ ਰੀਚਾਰਜ ਹੁੰਦਾ ਰਹੇ ਅਤੇ ਪਾਣੀ ਦਾ ਪੱਧਰ ਵੀ ਠੀਕ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਜਿੱਥੇ ਟੇਲਾਂ ’ਤੇ ਬੈਠੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਹੈ।