‘ਪਰਿੰਦੋਂ ਕੋ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ’ ਦਾ ਗਾਇਨ
ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 4 ਜੂਨ
ਰਾਬਤਾ ਦੇ ਸੁਰੀਲੇ ਫਨਕਾਰਾਂ ਵੱਲੋਂ ਇੱਥੇ ਟੈਗੋਰ ਥੀਏਟਰ ਵਿੱਚ ਡਾ. ਰਾਜੇਸ਼ ਮੋਹਨ ਦੀ ਰਚਨਾ ‘ਪਰਿੰਦੋਂ ਕੋ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ’ ਦੇ ਗਾਇਨ ਨਾਲ ਹਾਜ਼ਰ ਸਰੋਤਿਆਂ ਦੇ ਮਨਾਂ ਵਿੱਚ ਊਰਜਾ ਭਰੀ ਗਈ। ਮੁੱਖ ਮਹਿਮਾਨ ਵਜੋਂ ਇਸਤਰੀ ਤੇ ਬਾਲ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਸ਼ਿਕਰਤ ਕੀਤੀ। ਫਨਕਾਰਾਂ ਨੇ ‘ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ’ ਦਾ ਸਾਂਝੇ ਤੌਰ ‘ਤੇ ਗਾਇਨ ਕੀਤਾ। ਅਖ਼ੀਰ ਵਿੱਚ ਫ਼ਨਕਾਰਾਂ ਵੱਲੋਂ ਪੰਜਾਬੀ ਲੋਕ ਗਾਇਕੀ ਦਾ ਗੁਲਦਸਤਾ ਪੇਸ਼ ਕੀਤਾ ਗਿਆ।
ਸਰੋਤਿਆਂ ਨੇ ਇਸ ਦਾ ਭਰਪੂਰ ਅਨੰਦ ਮਾਣਿਆ। ਡਾ. ਰਾਜੇਸ਼ ਮੋਹਨ ਨੇ ਦੱਸਿਆ ਕਿ ਇਹ ਕਲਾਕਾਰ ਆਪਣੇ ਸਿਰਜਣਾਤਮਕ ਯਤਨਾਂ ਰਾਹੀਂ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ, ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਅਤੇ ਸਾਹਿਤਕਾਰਾਂ ਤੇ ਸੰਗੀਤਕਾਰਾਂ ਦੇ ਘਰਾਂ ਵਿੱਚ ਲਗਪਗ ਤੀਹ ਪ੍ਰੋਗਰਾਮ ਕਰ ਚੁੱਕੇ ਹਨ। ਇਸ ਮੁਹਿੰਮ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਜਾਰੀ ਰਹੇਗੀ।
ਉਨ੍ਹਾਂ ਚੰਡੀਗੜ੍ਹ ਵਾਸੀਆਂ, ਰਾਬਤਾ ਸਮੂਹ ਅਤੇ ਪੁੱਜੀਆਂ ਅਦਬੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।