ਰਾਜ ਸਭਾ ਚੋਣ ’ਚ ਹੋਈ ਹਾਰ ਨੂੰ ਸਿੰਘਵੀ ਵੱਲੋਂ ਚੁਣੌਤੀ
ਸ਼ਿਮਲਾ, 6 ਅਪਰੈਲ
ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਚੋਣ ਹਾਰਨ ਦੇ ਕੁਝ ਹਫ਼ਤਿਆਂ ਮਗਰੋਂ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਨਤੀਜੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਵੋਟਾਂ ਬਰਾਬਰ ਰਹਿਣ ਮਗਰੋਂ ਚੋਣ ਅਧਿਕਾਰੀ ਵੱਲੋਂ ਡਰਾਅ ਰਾਹੀਂ ਜੇਤੂ ਦਾ ਐਲਾਨ ਕਰਨ ਦੇ ਨੇਮਾਂ ਨੂੰ ਚੁਣੌਤੀ ਦਿੱਤੀ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਅਤੇ ਸਿੰਘਵੀ ਨੂੰ 34-34 ਵੋਟਾਂ ਮਿਲੀਆਂ ਸਨ ਜਿਸ ਮਗਰੋਂ ਡਰਾਅ ਕੱਢਿਆ ਗਿਆ ਅਤੇ ਮਹਾਜਨ ਨੂੰ ਜੇਤੂ ਕਰਾਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਨ ਮਗਰੋਂ ਸਿੰਘਵੀ ਨੇ ਪੱਤਰਕਾਰਾਂ ਨੂੰ ਦੱਸਿਆ,‘‘ਕਾਨੂੰਨ ਵਿਚ, ਨਾ ਹੀ ਐਕਟ ਅਤੇ ਨਾ ਹੀ ਨਿਯਮਾਂ ਵਿਚ ਅਜਿਹਾ ਕੁਝ ਹੈ ਜੋ ਕਿਸੇ ਵਿਆਖਿਆ ਲਈ ਮਜਬੂਰ ਕਰਦਾ ਹੈ ਜਿਸ ਵਿਚ ਇਹ ਜ਼ਰੂਰੀ ਹੈ ਕਿ ਜਿਸ ਵਿਅਕਤੀ ਦਾ ਨਾਮ ਪਰਚੀਆਂ ਦੇ ਡਰਾਅ ਵਿਚ ਕੱਢਿਆ ਗਿਆ ਹੈ, ਉਹ ਹਾਰਨ ਵਾਲਾ ਹੈ।’’
ਕਾਂਗਰਸ ਦੇ ਵਿਧਾਨ ਸਭਾ ’ਚ 40 ਵਿਧਾਇਕ ਸਨ ਅਤੇ ਇਸ ਨੂੰ ਤਿੰਨ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਪ੍ਰਾਪਤ ਸੀ ਪਰ 9 ਵਿਧਾਇਕਾਂ (ਕਾਂਗਰਸ ਦੇ ਛੇ ਬਾਗ਼ੀ ਅਤੇ ਤਿੰਨ ਆਜ਼ਾਦ ਵਿਧਾਇਕ) ਨੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ’ਚ ਵੋਟ ਪਾਏ ਸਨ। ਜੇਤੂ ਦਾ ਐਲਾਨ ਡਰਾਅ ਰਾਹੀਂ ਕੀਤਾ ਗਿਆ। ਚੋਣ ਅਧਿਕਾਰੀ ਨੇ ਪ੍ਰਕਿਰਿਆ ਦਾ ਪਾਲਣ ਕੀਤਾ ਅਤੇ ਜਿਸ ਵਿਅਕਤੀ ਦਾ ਨਾਮ ਪਰਚੀ ’ਤੇ ਨਿਕਲਿਆ, ਉਸ ਨੂੰ ਹਾਰਿਆ ਹੋਇਆ ਐਲਾਨ ਦਿੱਤਾ। ਸਿੰਘਵੀ ਨੇ ਕਿਹਾ ਕਿ ਦੁਨੀਆ ’ਚ ਹਰ ਥਾਂ ’ਤੇ ਇਹੋ ਹੁੰਦਾ ਹੈ ਕਿ ਜਦੋਂ ਦੋ ਵਿਅਕਤੀਆਂ ਦੇ ਵੋਟ ਬਰਾਬਰ ਰਹਿੰਦੇ ਹਨ ਤਾਂ ਜਿਸ ਦਾ ਨਾਮ ਪਰਚੀ ’ਚ ਨਿਕਲਦਾ ਹੈ, ਉਸ ਨੂੰ ਜੇਤੂ ਐਲਾਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਹਾਈ ਕੋਰਟ ਨੇ ਸਾਡੀ ਦਲੀਲ ਮੰਨ ਲਈ ਤਾਂ ਨਤੀਜੇ ਨੂੰ ਗਲਤ ਐਲਾਨਿਆ ਜਾ ਸਕਦਾ ਹੈ। ਰਾਜ ਸਭਾ ਚੋਣ ’ਚ ਹਾਰ ਮਗਰੋਂ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਸਰਕਾਰ ਸੰਕਟ ’ਚ ਘਿਰ ਗਈ ਹੈ। -ਪੀਟੀਆਈ