ਸਿੰਘ ਸਾਹਿਬਾਨ ਦਾ ਅਕਾਲੀ ਦਲ ਬਾਰੇ ਇਤਿਹਾਸਕ ਫੈਸਲਾ
ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਇਕੱਠ ਵਿੱਚ ਇਕ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਕਿ ਆਪਣੇ ਅੰਤਲੇ ਸਮੇਂ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਸੁਖਬੀਰ ਸਿੰਘ ਦੇ ਮੋਹ ਵਿੱਚ ਬੇਵੱਸ ਹੋ ਕੇ ਪੰਥ ਨੂੰ ਆਪਣੇ ਪੈਰਾਂ ਵਿੱਚ ਰੋਲਣ ਲਈ ਰਸਤਾ ਖੋਲ੍ਹ ਕੇ ਬੱਜਰ ਗੁਨਾਹ ਕੀਤਾ। ਸਿਰਸਾ ਸਾਧ ਦਾ ਮੁਆਫੀਨਾਮਾ, ਐਸੇ ਪੁਲੀਸ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਜਿਨ੍ਹਾਂ ਨੇ ਬੜੀ ਬੇਰਹਿਮੀ ਨਾਲ ਸਿੱਖ ਨੌਜਵਾਨਾਂ ਦੇ ਕਤਲ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨਾਲ ਨਰਮੀ ਨਾਲ ਪੇਸ਼ ਆਉਣਾ, ਸਿੱਖ ਸੰਗਤਾਂ ਦੇ ਸ਼ਾਂਤਮਈ ਵਿਰੋਧ ਤੇ ਗੋਲੀ ਚਲਵਾਉਣ, ਨੌਜਵਾਨਾਂ ਨੂੰ ਸ਼ਹੀਦ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਸੀਪੀ) ਦੇ ਪੈਸੇ ਦਾ ਦੁਰਉਪਯੋਗ ਕਰਨਾ, ਤਿੰਨ ਖੇਤੀਬਾੜੀ ਕਾਨੂੰਨਾਂ ਲਈ ਪੰਜਾਬ ਦੇ ਕਿਸਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਸਮਰਥਨ ਦੇਣਾ ਆਦਿ ਕਈ ਐਸੇ ਗੁਨਾਹ ਹਨ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੇ।
ਇਸ ਇਤਿਹਾਸਕ ਇਕੱਠ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਚੋਟੀ ਦੇ ਲੀਡਰਾਂ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆਂ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਸ਼ਾਮਿਲ ਸਨ, ਨੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ। ਇਨ੍ਹਾਂ ਲੀਡਰਾਂ ਦੇ ਗੁਰੂ ਅਤੇ ਪੰਥ ਪ੍ਰਤੀ ਇਮਾਨਦਾਰੀ ਨਾਲ ਜਵਾਬਦੇਹੀ ਬਾਰੇ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸਿੰਘ ਸਾਹਿਬਾਨ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਗੁਨਾਹਾਂ ਵਿੱਚ ਹਿੱਸੇਦਾਰ ਹੋਣ ਦੇ ਇਲਜ਼ਾਮ ਬਾਰੇ ਪੁੱਛਿਆ ਤਾਂ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਰਸੋਏ ਅਕਾਲ ਤਖਤ ਸਾਹਿਬ ਉਤੇ ਜਥੇਦਾਰਾਂ ਦੇ ਸਾਹਮਣੇ ਹੀ ਇਲਜ਼ਾਮਾਂ ਤੋਂ ਮੁੱਕਰ ਗਏ ਪਰ ਜਥੇਦਾਰ ਸਾਹਿਬਾਨ ਵੀ ਪੂਰੀ ਤਿਆਰੀ ਵਿੱਚ ਆਏ ਹੋਣ ਕਰ ਕੇ ਉਨ੍ਹਾਂ ਦੇ ਬਿਆਨਾਂ ਨੂੰ ਮੌਕੇ ’ਤੇ ਹੀ ਸੰਗਤਾਂ ਨੂੰ ਮੋਬਾਈਲ ਵੀਡੀਓ ਤੋਂ ਸੁਣਵਾ ਕੇ ਉਨ੍ਹਾਂ ਨੂੰ ਆਪਣਾ ਗੁਨਾਹ ਕਬੂਲ ਕਰਨ ’ਤੇ ਮਜਬੂਰ ਕਰ ਦਿੱਤਾ। ਸਿੰਘ ਸਹਿਬਾਨ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਰੱਖੜਾ ’ਤੇ ਇਹ ਇਲਜ਼ਾਮ ਲਗਾਏ ਕਿ ਉਨ੍ਹਾਂ ਨੇ ਸਿੱਖ ਕੌਮ ਦੇ ਗੁਨਾਹਗਾਰ ਪੁਲੀਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਅਤੇ ਸੱਤਾ ਵਿੱਚ ਬੈਠ ਕੇ ਆਪਣੀਆਂ ਪੁਜ਼ੀਸ਼ਨਾਂ ਦਾ ਦੁਰਉਪਯੋਗ ਕੀਤਾ।
ਇਹ ਸਭ ਸ਼ੁਰੂ ਹੋਣ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਦੋਸ਼ੀ ਲੀਡਰਾਂ ਦੀ ਆਤਮਾ ਨੂੰ ਝੰਜੋੜਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਵਲੋਂ ਸਥਾਪਿਤ ਕੀਤਾ ਸਰਬਉੱਚ ਸਥਾਨ ਹੈ, ਇੱਥੇ ਸਵਾਲਾਂ ਦੇ ਜਵਾਬ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਅੰਤਰ-ਆਤਮਾ ਨਾਲ ਦੇਣਾ ਕਿਉਂਕਿ ਇੱਥੇ ਤੁਹਾਨੂੰ ਕੋਈ ਸਰੀਰਕ ਸਜ਼ਾ ਨਹੀਂ ਦਿੱਤੀ ਜਾਣੀ ਪਰ ਇਹ ਗੁਰੂ ਜਾਂ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਸੰਗਤ ਅੱਗੇ ਝੂਠ ਬੋਲ ਰਹੇ ਹੋ ਜਾਂ ਸੱਚ।
ਇਨ੍ਹਾਂ ਅਕਾਲੀ ਲੀਡਰਾਂ ਨੇ ਸਿੱਖ ਸਮਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਧਾਰਹੀਣ ਕਰ ਕੇ ਰੱਖ ਦਿੱਤਾ। ਜਥੇਦਾਰ ਸਾਹਿਬਾਨ ਨੂੰ ਇਨ੍ਹਾਂ ਖਿਲਾਫ਼ ਹੋਰ ਸਖ਼ਤ ਹੋਣ ਦੀ ਲੋੜ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਦੀ ਉਪਾਧੀ ਵਾਪਸ ਲੈਣੀ ਸਹੀ ਫ਼ੈਸਲਾ ਹੈ ਪਰ ਇਸ ਦੇ ਨਾਲ ਹੀ ਜਥੇਦਾਰ ਸਾਹਿਬਾਨ ਨੂੰ ਉਨ੍ਹਾਂ ਨੌਜਵਾਨਾਂ ਦੀਆਂ ਦਰਦਨਾਕ ਮੌਤਾਂ ਲਈ ਵੀ ਇਨ੍ਹਾਂ ਲੀਡਰਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਅੰਦੋਲਨ ਵਿੱਚ ਇਨ੍ਹਾਂ ਲੀਡਰਾਂ ਦੇ ਹੁਕਮ ’ਤੇ ਚੱਲੀਆਂ ਗੋਲੀਆਂ ਦਾ ਸ਼ਿਕਾਰ ਹੋਏ। ਉਨ੍ਹਾਂ ਲੋਕਾਂ ਦੀਆਂ ਸੱਟਾਂ ਦਾ ਹਿਸਾਬ ਮੰਗਣਾ ਚਾਹੀਦਾ ਸੀ ਜਿਨ੍ਹਾਂ ਨੇ ਪੁਲੀਸ ਦੀਆਂ ਡਾਂਗਾਂ ਖਾਧੀਆਂ। ਤਿੰਨ ਵਿਵਾਦਤ ਖੇਤੀ ਕਾਨੂੰਨ ਵਿੱਚ ਵੀ ਜਿਸ ਤਰ੍ਹਾਂ ਅਕਾਲੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਦੀ ਪਿੱਠ ਪੂਰੀ, ਇਹ ਵੀ ਜੱਗ ਜ਼ਾਹਿਰ ਹੈ।
ਸ਼੍ਰੋਮਣੀ ਅਕਾਲੀ ਦਲ ਬਹੁਤ ਕੁਰਬਾਨੀਆਂ ਤੋਂ ਬਾਅਦ ਪੰਜਾਬ ਅਤੇ ਸਿੱਖ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਹੋਂਦ ਵਿੱਚ ਆਇਆ, ਇਸ ਲਈ ਪੰਜਾਬ ਦੀ ਰਾਜਨੀਤੀ ਵਿੱਚ ਇਸ ਪਾਰਟੀ ਦਾ ਪ੍ਰਮੁੱਖਤਾ ਨਾਲ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਪਰ ਇਸ ਦੀ ਅਜੋਕੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਸਿੱਖ ਸਮਾਜ ਵਿੱਚ ਇਸ ਦੇ ਆਧਾਰ ਦਾ ਘਾਣ ਕੀਤਾ ਹੈ, ਉਸ ਦਾ ਪੁਨਰਗਠਨ ਸੌਖਾ ਨਹੀਂ ਹੋਵੇਗਾ। ਇਸ ਲਈ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪਾਰਟੀ ਤੋਂ ਅਲੱਗ ਕਰ ਕੇ ਨਵੀਂ ਲੀਡਰਸ਼ਿਪ ਚੁਣਨ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ।
ਇਕ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਆਪਣੀਆਂ ਗ਼ਲਤੀਆਂ ਕਬੂਲ ਕੀਤੀਆਂ, ਉਸ ਦਾ ਅਸਰ ਹੁਣ ਇਨ੍ਹਾਂ ਲੀਡਰਾਂ ਖ਼ਿਲਾਫ਼ ਪੰਜਾਬ ਦੇ ਕੋਰਟ ਕਚਹਿਰੀਆਂ ਵਿੱਚ ਚੱਲ ਰਹੇ ਕੇਸਾਂ ਉਤੇ ਵੀ ਪਵੇਗਾ ਕਿਉਂਕਿ ਇਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਜੋ ਕਬੂਲ ਕੀਤਾ ਹੈ ਅਤੇ ਜੋ ਗਾਹੇ-ਬਗਾਹੇ ਕੋਰਟ ਕਚਹਿਰੀਆਂ ਵਿੱਚ ਕਹਿੰਦੇ ਆਏ ਹਨ, ਇਹ ਆਪਾ-ਵਿਰੋਧੀ ਹੈ।
ਧਾਰਮਿਕ ਸਜ਼ਾ ਲਗਾਉਂਦੇ ਹੋਏ ਇਨ੍ਹਾਂ ਲੀਡਰਾਂ ਨੂੰ ਸ੍ਰੀ ਦਰਬਾਰ ਸਾਹਿਬ ’ਚ ਬਾਥਰੂਮਾਂ ਦੀ ਸਫਾਈ, ਜੋੜੇ ਝਾੜਨ ਦੀ ਸੇਵਾ, ਲੰਗਰ ’ਚ ਜੂਠੇ ਬਰਤਨ ਸਾਫ ਕਰਨ ਅਤੇ ਇਸ ਤਰ੍ਹਾਂ ਦੀ ਧਾਰਮਿਕ ਸੇਵਾ ਲਗਾਉਣ ਦੇ ਨਾਲ-ਨਾਲ ਹੋਰ ਕਈ ਸਿਧਾਂਤਕ ਸਜ਼ਾਵਾਂ ਵੀ ਸੁਣਾਈਆਂ ਹਨ। ਸੁਖਬੀਰ ਸਿੰਘ ਬਾਦਲ ਨੂੰ ਗੁਸਲਖਾਨੇ ਸਾਫ ਕਰਨ, ਜੋੜੇ ਝਾੜਨ, ਕੀਰਤਨ ਸੁਨਣ ਦੇ ਨਾਲ-ਨਾਲ ਦਰਬਾਰ ਸਾਹਿਬ ਦੀ ਡਿਊੜੀ ਦੇ ਬਾਹਰ ਸੇਵਾਦਾਰ ਦੀ ਤਰ੍ਹਾਂ ਗਲ ਵਿੱਚ ਤਨਖਾਈਏ ਦੀ ਤਖ਼ਤੀ ਪਾ ਕੇ ਹੱਥ ਵਿੱਚ ਬਰਛਾ ਲੈ ਕੇ ਖੜ੍ਹਨ ਦਾ ਹੁਕਮ ਦਿੱਤਾ ਗਿਆ ਹੈ। ਬਾਕੀ ਲੀਡਰਾਂ ਦੇ ਗਲਾਂ ਵਿੱਚ ਵੀ ਤਨਖਾਈਏ ਦੀਆਂ ਤਖ਼ਤੀਆਂ ਪਾਉਣ ਦਾ ਹੁਕਮ ਦਿੱਤਾ ਗਿਆ ਹੈ।
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈਣਾ ਅਤੇ ਇਨ੍ਹਾਂ ਲੀਡਰਾਂ ਦੇ ਗੁਨਾਹਾਂ ਵਿੱਚ ਸ਼ਾਮਲ ਹੋਰ ਧਾਰਮਿਕ ਲੀਡਰਸ਼ਿਪ ਸਬੰਧੀ ਦਿੱਤਾ ਗਿਆ ਫ਼ੈਸਲਾ ਪ੍ਰਸ਼ੰਸਾਯੋਗ ਹੈ। ਜਥੇਦਾਰ ਸਾਹਿਬਾਨ ਨੇ ਪੰਜਾਬੀ ਸੂਬੇ ਤੋਂ ਲੈ ਕੇ 1984 ਅਤੇ ਬਾਅਦ ਵਿੱਚ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੇ ਸਮੇਂ, ਸੌਦਾ ਸਾਧ ਦੇ ਮੁਆਫੀਨਾਮੇ ਅਤੇ ਹੋਰ ਪ੍ਰਸ਼ਾਸਨਿਕ ਗ਼ਲਤੀਆਂ ਬਾਰੇ ਅਕਾਲੀਆਂ ਤੋਂ ਸਵਾਲ ਪੁੱਛੇ ਅਤੇ ਸੰਗਤ ਦੇ ਸਾਹਮਣੇ ਉਨ੍ਹਾਂ ਨੂੰ ਦੋਸ਼ੀ ਸਾਬਤ ਕੀਤਾ। ਇਹ ਜਥੇਦਾਰ ਸਾਹਿਬਾਨ ਦਾ ਇਕ ਹੋਰ ਦਲੇਰੀ ਭਰਿਆ ਕਦਮ ਹੈ। ਸ਼੍ਰੋਮਣੀ ਕਮੇਟੀ ਦੇ ਪੈਸੇ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਸੌਦਾ ਸਾਧ ਦੇ ਅਖੌਤੀ ਮੁਆਫੀਨਾਮੇ ਦੀ ਇਸ਼ਤਿਹਾਰਬਾਜ਼ੀ ਉਤੇ ਖਰਚਣ ਦੇ ਬੱਜਰ ਗੁਨਾਹ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਸੂਦ ਸਮੇਤ ਵਾਪਸ ਲੈਣਾ ਵੀ ਚੰਗਾ ਕਦਮ ਹੈ।
ਜਸਵੰਤ ਸਿੰਘ ਖਾਲੜਾ ਦੇ ਕਤਲ, ਛੱਤੀਸਿੰਘਪੁਰਾ ਦੇ ਸਿੱਖਾਂ ਨੂੰ ਮਾਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣਾ ਅਤੇ ਸਿੱਖ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਪੰਥ ਨਾਲ ਕੋਝਾ ਮਜ਼ਾਕ ਕਰਨ ਦਾ ਹਿਸਾਬ ਇਨ੍ਹਾਂ ਲੀਡਰਾਂ ਕੋਲੋਂ ਮੰਗਦੇ ਹੋਏ ਇਨ੍ਹਾਂ ਨੂੰ ਅਕਾਲੀ ਦਲ ਤੋਂ ਅਲੱਗ ਕਰਨ ਦਾ ਫੈਸਲਾ ਹੋਣਾ ਚਾਹੀਦਾ ਸੀ। ਉਹ ਲੀਡਰ ਜਿਨ੍ਹਾਂ ਨੇ ਸਿੱਖ ਸੰਗਤਾਂ ਦੇ ਦਬਾਅ ਹੇਠ ਆ ਕੇ ਬਾਅਦ ਵਿੱਚ ਅਕਾਲੀ ਦਲ ਤੋਂ ਅਸਤੀਫੇ ਦਿੱਤੇ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ‘ਬਾਗੀ’ ਬਣ ਗਏ ਤੇ ਦੂਸਰੇ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਨਹੀਂ ਛੱਡਿਆ, ਨੂੰ ‘ਦਾਗੀ’ ਦੱਸਣ ਲੱਗੇ, ਉਨ੍ਹਾਂ ਦੀ ਵੀ ਜਥੇਦਾਰ ਸਹਿਬਾਨ ਨੇ ਚੰਗੀ ਖ਼ਬਰ ਲਈ ਹੈ। ਉਨ੍ਹਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਕਿ ਜਦੋਂ ਬਾਕੀ ਲੀਡਰਸ਼ਿਪ ਇਹ ਸਾਰੇ ਗੁਨਾਹ ਕਰ ਰਹੇ ਸੀ, ਉਦੋਂ ਇਨ੍ਹਾਂ ਬਾਗੀ ਲੀਡਰਾਂ ਨੇ ਕੁਝ ਕਿਉਂ ਨਹੀਂ ਬੋਲਿਆ ਅਤੇ ਚੁਪ-ਚਾਪ ਆਪਣੀਆਂ ਪੁਜ਼ੀਸ਼ਨਾਂ ਮਾਣਦੇ ਰਹੇ। ਗਿਆਨੀ ਰਘਬੀਰ ਸਿੰਘ ਨੇ ਇਨ੍ਹਾਂ ਲੀਡਰਾਂ ਨੂੰ ਆਪੋ-ਆਪਣਾ ‘ਚੁੱਲ੍ਹਾ ਸਮੇਟ’ ਕੇ ਅਕਾਲੀ ਦਲ ਨੂੰ ਮੁੜ ਤੋਂ ਕਾਇਮ ਕਰਨ ਵਿੱਚ ਸਹਿਯੋਗ ਕਰਨ ਲਈ ਕਿਹਾ।
ਸੌਦਾ ਸਾਧ ਦੇ ਮੁਆਫੀਨਾਮੇ ਨੂੰ ਲੈ ਕੇ ਜੋ ਵੀ ਖਤੋ-ਕਿਤਾਬਤ ਇਨ੍ਹਾਂ ਦੋਸ਼ੀ ਨੇਤਾਵਾਂ ਵਿਚਾਲੇ ਹੋਇਆ ਹੈ, ਨੂੰ ਜਥੇਦਾਰ ਸਾਹਿਬਾਨ ਵੱਲੋਂ ਜਨਤਕ ਕਰਨ ਦਾ ਫੈਸਲਾ ਵੀ ਸਵਾਗਤਯੋਗ ਹੈ। ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਕਾਰ ਨੂੰ ਸਿੱਖ ਸਮਾਜ ਵਿੱਚ ਉਪਰ ਚੁੱਕਣ ਵਿੱਚ ਸਹਾਇਤਾ ਮਿਲੇਗੀ। ਸਿੰਘ ਸਾਹਿਬਾਨ ਨੇ ਹੋਰ ਸਜ਼ਾ ਦੇਣ ਦਾ ਜੋ ਫੈਸਲਾ ਬਾਕੀ ਰੱਖਿਆ ਹੈ, ਉਸ ਉਤੇ ਵੀ ਗੰਭੀਰਤਾ ਨਾਲ ਸੋਚ ਵਿਚਾਰ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ‘ਦਾਗੀ ਤੇ ਬਾਗੀ’ ਲੀਡਰਾਂ ਦੇ ਜਬਾੜੇ ਵਿੱਚੋਂ ਪੂਰੀ ਤਰ੍ਹਾਂ ਆਜ਼ਾਦ ਕਰਾਉਣ ਦਾ ਇਹ ਢੁਕਵਾਂ ਮੌਕਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਨੂੰ ਹੀ ਬਲ ਨਹੀਂ ਮਿਲੇਗਾ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਨਵੇਂ ਜੋਸ਼ ਨਾਲ ਹਰ ਤਰ੍ਹਾਂ ਦੇ ਪ੍ਰਭਾਵ ਮੁਕਤ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣੀਆਂ। ਇਸ ਦੇ ਨਾਲ ਅਕਾਲੀ ਲੀਡਰਸ਼ਿਪ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਵਾਂ ਵਿੱਚ ਘੁਸਪੈਠ ਕਰ ਗਈਆਂ ਪੰਥ ਵਿਰੋਧੀ ਤਾਕਤਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਉਣ ਵਿੱਚ ਸਹਾਇਤਾ ਮਿਲੇਗੀ।
ਸੰਪਰਕ: 98140-95308