ਗਾਇਕ ਸਿੱਧੂ ਦੇ ਬਾਊਂਸਰਾਂ ਨੇ ਕਿਸਾਨ ਤੋਂ ਮੁਆਫ਼ੀ ਮੰਗੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਅਕਤੂਬਰ
ਇੱਥੋਂ ਦੇ ਲਲਹੇੜੀ ਰੋਡ ਇਲਾਕੇ ਵਿੱਚ ਕਰਵਾਏ ਦਸਹਿਰਾ ਮੇਲੇ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ ਦੌਰਾਨ ਇੱਕ ਬਜ਼ੁਰਗ ਕਿਸਾਨ ਦੀ ਪੱਗ ਉਤਾਰਨ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪਿੰਡ ਦੇ ਲੋਕ ਬਾਊਂਸਰਾਂ ਖਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ। ਬਾਊਂਸਰਾਂ ਨੇ ਅੱਜ ਪਿੰਡ ਅਤੇ ਸ਼ਹਿਰ ਵਾਸੀਆਂ ਦਰਮਿਆਨ ਪੁੱਜ ਕੇ ਕਿਸਾਨ ਤੋਂ ਮੁਆਫ਼ੀ ਮੰਗੀ, ਜਿਸ ਉਪਰੰਤ ਕਿਸਾਨ ਤੇ ਪਰਿਵਾਰ ਦਾ ਗੁੱਸਾ ਸ਼ਾਂਤ ਹੋਇਆ। ਮਾਮਲਾ ਸੁਲਝਣ ਤੋਂ ਬਾਅਦ ਕਿਸਾਨ ਨੇ ਆਪਣੇ ਖੇਤਾਂ ਵਿੱਚੋਂ ਸਾਮਾਨ ਚੁੱਕਣ ਦੀ ਇਜਾਜ਼ਤ ਦਿੱਤੀ। ਦੱਸਣਯੋਗ ਹੈ ਕਿ ਲਲਹੇੜੀ ਰੋਡ ਇਲਾਕੇ ਵਿੱਚ ਦਸਹਿਰਾ ਮੇਲਾ ਇੱਕ ਕਿਸਾਨ ਦੇ ਖੇਤ ਵਿੱਚ ਕਰਵਾਇਆ ਗਿਆ ਸੀ। ਇਸ ਕਿਸਾਨ ਅਤੇ ਉਸਦੇ ਪੁੱਤਰ ਨੂੰ ਗਾਇਕ ਦੇ ਬਾਊਂਸਰਾਂ ਵੱਲੋਂ ਸਟੇਜ ’ਤੇ ਜਾਣ ਤੋਂ ਰੋਕ ਦਿੱਤਾ ਗਿਆ ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ ਗਿਆ। ਜਦੋਂ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਨੂੰ ਧੱਕਾ ਮਾਰਿਆ ਗਿਆ ਜਿਸ ਦੌਰਾਨ ਬਜ਼ੁਰਗ ਕਿਸਾਨ ਦੀ ਪੱਗ ਉਤਰ ਗਈ। ਇਸ ਦੌਰਾਨ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਕਾਫ਼ਲੇ ਨੂੰ ਮੇਲੇ ਵਿੱਚ ਪੁੱਜਣ ’ਤੇ ਘੇਰ ਲਿਆ ਗਿਆ ਅਤੇ ਕਿਸਾਨ ਟਰੈਕਟਰ ਲੈ ਕੇ ਸਟੇਜ ’ਤੇ ਪੁੱਜ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਬਾਊਂਸਰਾਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਕਿਸਾਨ ਵੀ ਸੰਤੁਸ਼ਟ ਹੈ।