ਸ਼ਾਸਤਰੀ ਸੰਗੀਤ ਉਤਸਵ ਦੇ ਤੀਜੇ ਦਿਨ ਗਾਇਕ ਰੋਂਕਿਨੀ ਨੇ ਸਰੋਤੇ ਕੀਲੇ
ਪੱਤਰ ਪ੍ਰੇਰਕ
ਪਟਿਆਲਾ, 22 ਦਸੰਬਰ
ਪਟਿਆਲਾ ਘਰਾਣੇ ਦੀ ਸਮ੍ਰਿੱਧ ਸੰਗੀਤ ਪਰੰਪਰਾ ਨੂੰ ਅੱਗੇ ਵਧਾਉਣ ਲਈ ਕਰਵਾਏ ਸ਼ਾਸਤਰੀ ਸੰਗੀਤ ਉਤਸਵ ਦੇ ਤੀਜੇ ਦਿਨ ਸੰਗੀਤ ਪ੍ਰੇਮੀਆਂ ਦਾ ਦਿਲ ਰੋਂਕਿਨੀ ਦੀ ਸੁਰੀਲੀ ਆਵਾਜ਼ ਨੇ ਜਿੱਤ ਲਿਆ। ਜਾਣਕਾਰੀ ਅਨੁਸਾਰ ਪਿਛਲੇ ਸਾਲ ਨਾਰਥ ਜ਼ੋਨ ਕਲਚਰ ਸੈਂਟਰ (ਐਨਜੈੱਡਸੀਸੀ) ਪਟਿਆਲਾ ਵੱਲੋਂ ਇਸ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਮਕਸਦ ਪਟਿਆਲਾ ਘਰਾਣੇ ਦੀ ਸਮ੍ਰਿੱਧ ਸੰਗੀਤ ਪਰੰਪਰਾ ਨੂੰ ਅੱਗੇ ਵਧਾਉਣਾ ਹੈ ਜਿਸ ਦੀ ਵਿਰਾਸਤ ਸ਼ਾਸਤਰੀ ਸੰਗੀਤ ਦੇ ਸੰਸਥਾਪਕਾਂ ਤੋਂ ਮਿਲੀ ਹੈ। ਸਾਲਾਨਾ ਉਤਸਵ ਵਿੱਚ ਦੇਸ਼ ਦੇ ਚੋਟੀ ਦੇ ਸੰਗੀਤਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸੰਗੀਤ ਨਾਲ ਭਰਪੂਰ ਇਸ ਸ਼ਾਮ ਨੇ ਦਰਸ਼ਕਾਂ ਲਈ ਇਕ ਅਦੁੱਤੀਅਨ ਅਨੁਭਵ ਦਾ ਰੂਪ ਲੈ ਲਿਆ, ਜਦੋਂ ਮਸ਼ਹੂਰ ਗਾਇਕਾ ਅਤੇ ਪਲੇਬੈਕ ਸਿੰਗਰ ਰੋਂਕਿਨੀ ਗੁਪਤਾ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਮਗਨ ਕਰ ਦਿੱਤਾ। ਰੋਂਕਿਨੀ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਰਾਗ ਬਿਹਾਗ ਵਿੱਚ ਵਿਲੰਬਿਤ ਏਕਤਾਲ ‘ਕੈਸੇ ਸੁਖ ਸੋਏਸ਼’ ਤੇ ਦ੍ਰਤ ਖਿਆਲ ‘ਪੰਗਤਵਾ ਰੋਕੇ ਸਾਵਰਾ ਸ਼ਿਆਮਸ਼’ ਨਾਲ ਕੀਤੀ। ਉਨ੍ਹਾਂ ਨੇ ਰਾਗ ਝਿੰਝੋਟੀ ਵਿੱਚ ‘ਸਾਵਰੇ ਸਲੋਨੇ ਸੇ ਲਾਗੇ ਮੋਰੇ ਨੈਨਸ਼’ ਤਿੰਨ ਤਾਲ ਵਿੱਚ ਗਾਇਆ। ਫਿਰ ਉਨ੍ਹਾਂ ਨੇ ਰਾਗ ਯਮਨ ਵਿੱਚ ਤਾਰਾਨਾ ਅਤੇ ਆਪਣੀ ਮੂਲ ਬੰਦੀਸ਼ ‘ਤਡਰੇ ਦਾਨੀ ਦੀਮਸ਼’ ਪ੍ਰਸਤੁਤ ਕੀਤੀ, ਜਿਸ ਨੂੰ ਦਰਸ਼ਕਾਂ ਨੇ ਜਬਰਦਸਤ ਤਾਲੀਆਂ ਨਾਲ ਸਨਮਾਨ ਦਿੱਤਾ। ਇਸ ਤੋਂ ਬਾਅਦ ਦਰਭੰਗਾ ਘਰਾਣੇ ਦੇ ਪ੍ਰਸਿੱਧ ਗਾਇਕ ਪੰਡਿਤ ਉਦੈ ਕੁਮਾਰ ਮਲਿਕ ਨੇ ਮੰਚ ਸੰਭਾਲਿਆ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਚਾਰੋਂ ਦਰਜਾ ਦੇ ਆਲਾਪ ਨਾਲ ਕੀਤੀ ਅਤੇ ਰਾਗ ਅਭੋਗੀ ਕਨਹੜਾ (ਧਮਾਰ ਤਾਲ, 14 ਮਾਤਰਾ) ‘ਲਾਲ ਅਬ ਭਯੋ ਹੈ, ਨਿਪਟ ਖੇਲੜਸ਼’ ਪੇਸ਼ ਕੀਤਾ। ਉਨ੍ਹਾਂ ਨੇ ਰਾਗ ਅਦਾਨਾ (ਸੂਲ ਤਾਲ, 10 ਮਾਤਰਾ) ‘ਰਾਤ ਮੁਨ ਜਾਗਤ ਜਨਨੀ ਕੋਸ਼’ ਨਾਲ ਆਪਣੀ ਪ੍ਰਸਤੁਤੀ ਦਾ ਸਮਾਪਨ ਕੀਤਾ। ਉਨ੍ਹਾਂ ਦੀ ਸੰਗਤ ਪਖਾਵਜ ’ਤੇ ਮਹਿਮਾ ਉਪਾਧਿਆਇ ਅਤੇ ਸਾਰੰਗੀ ’ਤੇ ਸੁਭਾਨ ਅਲੀ ਨੇ ਕੀਤੀ।