For the best experience, open
https://m.punjabitribuneonline.com
on your mobile browser.
Advertisement

ਕਬੱਡੀ ਖਿਡਾਰੀ ਪਿੰਕੇ ਦੀ ਹੌਸਲਾ-ਅਫ਼ਜ਼ਾਈ ਕਰਨ ਪੁੱਜਾ ਗਾਇਕ ਪਰਮੀਸ਼ ਵਰਮਾ

11:07 AM Jul 21, 2024 IST
ਕਬੱਡੀ ਖਿਡਾਰੀ ਪਿੰਕੇ ਦੀ ਹੌਸਲਾ ਅਫ਼ਜ਼ਾਈ ਕਰਨ ਪੁੱਜਾ ਗਾਇਕ ਪਰਮੀਸ਼ ਵਰਮਾ
ਕਬੱਡੀ ਖਿਡਾਰੀ ਪਿੰਕਾ ਜਰਗ ਤੇ ਬੱਚਿਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦਾ ਹੋਇਆ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 20 ਜੁਲਾਈ
ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਬਲਜੀਤ ਸਿੰਘ ਗੋਲਾ ਜਰਗ ਦਾ ਸਪੁੱਤਰ ਮਾਂ ਖੇਡ ਕਬੱਡੀ ਦਾ ਵਿਸ਼ਵ ਪ੍ਰਸਿੱਧ ਖਿਡਾਰੀ ਪਿੰਕਾ ਜਰਗ, ਜਿੱਥੇ ਸੋਸ਼ਲ ਮੀਡੀਆ ਰਾਹੀਂ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਗੁਰਬਾਣੀ ਨਾਲ ਜੁੜਨ ਦਾ ਹੋਕਾ ਦੇ ਰਿਹਾ ਹੈ, ਉੱਥੇ ਹੀ ਉਹ ਨੌਜਵਾਨੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਰੋਜ਼ਾਨਾ ਪਿੰਡ ਦੇ ਖੇਤਾਂ ’ਚ ਕਸਰਤ ਕਰਵਾ ਰਿਹਾ ਹੈ। ਉਸ ਵੱਲੋਂ ਆਪਣੇ ਪੱਧਰ ’ਤੇ ਇਲਾਕੇ ਦੇ ਕਈ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਫਾਰਮ ਹਾਊਸ ’ਤੇ ਤਿਆਰ ਕੀਤੇ ਮੈਦਾਨ ਵਿੱਚ ਸਰੀਰਕ ਕਸਰਤਾਂ ਕਰਵਾ ਕੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਪਿੰਕਾ ਜਰਗ ਦੇ ਇਸ ਉਪਰਾਲੇ ਨੂੰ ਦੇਖਣ ਤੇ ਹੌਸਲਾ ਦੇਣ ਲਈ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਪਿੰਡ ਜਰਗ ਪਹੁੰਚ ਕੇ ਪਿੰਕੇ ਵੱਲੋਂ ਤਿਆਰ ਕੀਤੇ ਜਾ ਰਹੇ ਬੱਚਿਆਂ, ਨੌਜਵਾਨਾਂ ਤੇ ਉਸ ਦੀ ਟੀਮ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਪਰਮੀਸ਼ ਵਰਮਾ ਨੇ ਕਿਹਾ ਕਿ ਪਿੰਕਾ ਜਰਗ ਵੱਲੋਂ ਆਪਣੇ ਖੇਤ ਵਿੱਚ ਤਿਆਰ ਕੀਤੇ ਮੈਦਾਨ ਵਿੱਚ ਖੇਡਦੇ ਬੱਚਿਆਂ ਨੂੰ ਵੇਖ ਕੇ ਦਿਲ ਨੂੰ ਬਹੁਤ ਖੁਸ਼ੀ ਮਿਲੀ। ਉਨ੍ਹਾਂ ਕਿਹਾ ਕਿ ਪਿੰਕਾ ਜਰਗ ਤੇ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਪੱਧਰ ’ਤੇ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ, ਉਹ ਇੱਕ ਬਹੁਤ ਹੀ ਨੇਕ ਅਤੇ ਸ਼ਲਾਘਾਯੋਗ ਉਪਰਾਲਾ ਹੈ, ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਥੋੜੀ ਹੈ। ਪਰਮੀਸ਼ ਵਰਮਾ ਨੇ ਕਿਹਾ ਕਿ ਪਿੰਕਾ ਜਰਗ ਨੂੰ ਜੋ ਆਪਣੇ ਪਿਤਾ ਪੁਰਖੀ ਕਿੱਤੇ ’ਚੋਂ ਗੁੜ੍ਹਤੀ ਮਿਲੀ ਹੈ, ਉਹ ਲਾਜਵਾਬ ਹੈ। ਪਿੰਕੇ ਵੱਲੋਂ ਤਿਆਰ ਕੀਤੇ ਜਾ ਰਹੇ ਇਹ ਬੱਚੇ ਪੰਜਾਬ ਦਾ ਨਵਾਂ ਭਵਿੱਖ ਸਿਰਜਣਗੇ। ਇਸ ਮੌਕੇ ਪਿੰਕਾ ਜਰਗ ਦੇ ਸਹਿਯੋਗੀ ਕੋਚ ਅਮਰਜੀਤ ਸਿੰਘ ਸਾਬਕਾ ਫੌਜੀ ਤੇ ਨਵਦੀਪ ਸਿੰਘ ਜਰਗ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਬੱਡੀ ਦਾ ਇਹ ਸਟਾਰ ਖਿਡਾਰੀ ਪਿੰਕਾ ਜਰਗ ਇਨੀਂ ਦਿਨੀਂ ਸੋਸ਼ਲ ਮੀਡੀਆ ’ਤੇ ਪੂਰੀ ਦੁਨੀਆ ਭਰ ’ਚ ਨਵੀਂ ਪੀੜੀ ਨੂੰ ਸੇਧ ਦੇਣ ਦੀਆਂ ਵੀਡੀਓਜ਼ ਨਾਲ ਛਾਇਆ ਹੋਇਆ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿੰਕੇ ਜਰਗ ਦੇ ਦਾਦਾ, ਪਿਤਾ ਬਲਜੀਤ ਸਿੰਘ ਗੋਲਾ ਅਤੇ ਭਰਾ ਹੈਰੀ ਮੰਡੇਰ ਪੰਜਾਬ ਦੇ ਅਮੀਰ ਵਿਰਸੇ ਦੀਆਂ ਖੇਡਾਂ ਬੈਲ ਗੱਡੀਆਂ, ਕਬੂਤਰਬਾਜ਼ੀ ਤੇ ਮਾਂ ਖੇਡ ਕਬੱਡੀ ਨਾਲ ਜੁੜੇ ਹੋਏ ਹਨ।

Advertisement
Advertisement
Author Image

sukhwinder singh

View all posts

Advertisement