ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਸਰਪੰਚ ਬਣੇ
ਜੈਸਮੀਨ ਭਾਰਦਵਾਜ
ਨਾਭਾ, 8 ਅਕਤੂਬਰ
ਇੱਥੋਂ ਦੇ ਪਿੰਡ ਲੋਹਾਰ ਮਾਜਰਾ ਦੇ ਵਾਸੀ ਕੁਲਜੀਤ ਸਿੰਘ (62) ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ। ਉਹ ਉੱਘੇ ਗਾਇਕ, ਅਦਾਕਾਰ ਐਮੀ ਵਿਰਕ ਅਤੇ ਫ਼ਿਲਮ ਨਿਰਮਾਤਾ ਭਗਵੰਤ ਪਾਲ ਸਿੰਘ ਦੇ ਪਿਤਾ ਹਨ। 375 ਵੋਟਾਂ ਵਾਲਾ ਇਹ ਸਾਰਾ ਹੀ ਪਿੰਡ ਵੰਡ ਮੌਕੇ ਪਾਕਿਸਤਾਨ ਦੇ ਸ਼ੇਖੂਪੁਰ ਜ਼ਿਲ੍ਹੇ ਵਿੱਚੋਂ ਉੱਜੜ ਕੇ ਆਇਆ ਸੀ। ਇਸ ਵਾਰੀ ਇੱਥੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ।
ਇਸ ਮੌਕੇ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਪਿੰਡ ਵਾਸੀਆਂ ਦੇ ਜ਼ੋਰ ਪਾਉਣ ’ਤੇ ਹੀ ਉਹ ਸਰਪੰਚ ਬਣੇ ਹਨ। ਉਨ੍ਹਾਂ ਦੱਸਿਆ ਕਿ ਵੰਡ ਦੇ ਉਜਾੜੇ ਤੋਂ ਬਾਅਦ ਹੁਣ ਪਿੰਡ ਵਿੱਚ ਪਰਵਾਸ ਦੇ ਰੁਝਾਨ ਤੋਂ ਲੋਕ ਚਿੰਤਤ ਹਨ। ਉਨ੍ਹਾਂ ਦੱਸਿਆ ਕਿ 375 ਵਿੱਚੋਂ ਇਥੇ ਵੋਟ ਪਾਉਣ ਵਾਲੇ ਤਾਂ 300 ਤੋਂ ਵੀ ਘੱਟ ਹਨ ਕਿਉਂਕਿ ਬਹੁਤੇ ਨੌਜਵਾਨ ਵਿਦੇਸ਼ ਜਾ ਵਸੇ ਹਨ। ਇਸ ਵਿਸ਼ੇ ਅਤੇ ਹੋਰ ਕੰਮਾਂ ਲਈ ਉਹ ਪਿੰਡ ਦਾ ਇਕੱਠ ਕਰਕੇ ਸਲਾਹ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਇਸੇ ਪਿੰਡ ਦਾ ਜੰਮਪਲ ਐਮੀ ਵਿਰਕ ਨੇ ਵੀ ਸਰਪੰਚੀ ਵਿੱਚ ਆਉਣ ਲਈ ਇੱਕ ਵਾਰੀ ਇਤਰਾਜ਼ ਪ੍ਰਗਟਾਇਆ ਸੀ ਪਰ ਪਿੰਡ ਵਾਲਿਆਂ ਦੇ ਜ਼ੋਰ ਅੱਗੇ ਉਸ ਨੇ ਵੀ ਸਿਰ ਨਿਵਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਲਾਕੇ ਦਾ ਬਹੁਤ ਮੋਹ ਹੈ, ਇਸੇ ਕਰਕੇ ਐਮੀ ਵਿਰਕ ਦੀ ਹਰ ਫ਼ਿਲਮ ਵਿੱਚ ਨਾਭੇ ਦੇ ਕਿਸੇ ਪਿੰਡ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਤੇ ਉਹ ਇਥੇ ਅਕਸਰ ਆ ਕੇ ਰਹਿੰਦੇ ਹਨ।