ਸਿੰਗਾਪੁਰ: ਸੁਣਵਾਈ ਹਾਈ ਕੋਰਟ ’ਚ ਤਬਦੀਲ ਕਰਵਾਉਣ ਵਿੱਚ ਨਾਕਾਮ ਰਹੇ ਪ੍ਰੀਤਮ ਸਿੰਘ
ਸਿੰਗਾਪੁਰ, 9 ਸਤੰਬਰ
ਸਿੰਗਾਪੁਰ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਸੰਸਦੀ ਕਮੇਟੀ ਨੂੰ ਝੂਠ ਬੋਲਣ ਦੇ ਦੋਸ਼ਾਂ ਦੇ ਮੁਕੱਦਮੇ ਦੀ ਸੁਣਵਾਈ ਅੱਜ ਹਾਈ ਕੋਰਟ ਵਿੱਚ ਕਰਵਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੇ ਮਾਮਲੇ ਦੀ ਤੁਲਨਾ ਭਾਰਤੀ ਮੂਲ ਦੇ ਸਾਬਕਾ ਆਵਾਜਾਈ ਮੰਤਰੀ ਐੱਸ ਈਸ਼ਵਰਨ ਦੇ ਮਾਮਲੇ ਨਾਲ ਕੀਤੀ। ਵਰਕਰਜ਼ ਪਾਰਟੀ (ਡਬਲਿਊਪੀ) ਦੇ 48 ਸਾਲਾ ਮੁਖੀ ’ਤੇ ਨਵੰਬਰ 2021 ਵਿੱਚ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਵਿੱਚ ਝੂਠ ਬੋਲਣ ਦੇ ਦੋ ਦੋਸ਼ ਹਨ। ਇਹ ਮਾਮਲਾ ਝੂਠ ਬੋਲਣ ਦੇ ਵਿਵਾਦ ਨਾਲ ਸਬੰਧਤ ਹੈ, ਜੋ ਪ੍ਰੀਤਮ ਸਿੰਘ ਦੀ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਰਈਸਾ ਖਾਨ ਨਾਲ ਜੁੜਿਆ ਹੋਇਆ ਹੈ।
ਪ੍ਰੀਤਮ ਸਿੰਘ ਦੇ ਵਕੀਲਾਂ ਨੇ ਉਨ੍ਹਾਂ ਦੇ ਮਾਮਲੇ ਨੂੰ ਸੂਬੇ ਦੀਆਂ ਅਦਾਲਤਾਂ ਤੋਂ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਦਲੀਲ ਦਿੱਤੀ ਸੀ। ਉਨ੍ਹਾਂ ਨੇ ਮਾਮਲੇ ਦੀ ਤੁਲਨਾ ਸਾਬਕਾ ਆਵਾਜਾਈ ਮੰਤਰੀ ਈਸ਼ਵਰਨ ਦੇ ਮਸਲੇ ਨਾਲ ਕੀਤੀ ਸੀ। ਇਸਤਗਾਸਾ ਪੱਖ ਨੇ ਈਸ਼ਵਰਨ ਦਾ ਮਾਮਲਾ ਵੱਡੇ ਲੋਕਹਿੱਤ ਨੂੰ ਦੇਖਦਿਆਂ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ, ਜਸਟਿਸ ਹੂ ਸ਼ਿਯੂ ਪੇਂਗ ਨੇ ਪ੍ਰੀਤਮ ਸਿੰਘ ਦੀ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਮੁਕੱਦਮੇ ਨੂੰ ਤਬਦੀਲ ਕਰਨ ਦੀ ਗੱਲ ਨੂੰ ਜਾਇਜ਼ ਠਹਿਰਾਉਣ ਲਈ ਜਨਹਿਤ ਦੇ ਅਜਿਹੇ ਕਾਰਨ ਨਹੀਂ ਹਨ, ਜਿਸ ’ਤੇ ਵਿਚਾਰ ਕੀਤਾ ਜਾਵੇ। ਜੱਜ ਨੇ ਪ੍ਰੀਤਮ ਸਿੰਘ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਸਿਆਸਤਦਾਨ ਵਜੋਂ ਉਨ੍ਹਾਂ ਦਾ ਰੁਤਬਾ ਲੋਕਾਂ ’ਤੇ ਪ੍ਰਭਾਵ ਪਾਉਂਦਾ ਹੈ। -ਪੀਟੀਆਈ