ਸਿੰਗਾਪੁਰ ਮਾਸਟਰਜ਼ ਬੈਡਮਿੰਟਨ: ਪ੍ਰਿਯਾਂਸ਼ੂ ਤੇ ਅਰਜੁਨ-ਕਪਿਲਾ ਦੀ ਜੋੜੀ ਬਾਹਰ
ਸਿੰਗਾਪੁਰ, 8 ਜੂਨ
ਸਿੰਗਾਪੁਰ ਮਾਸਟਰਜ਼ ਸੁਪਰ 750 ਟੂਰਨਾਮੈਂਟ ਵਿੱਚ ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਜਾਵਤ ਦਾ ਸਫਰ ਅੱਜ ਪ੍ਰੀ-ਕੁਆਰਟਰ ਫਾਈਨਲ ਵਿੱਚ ਤੀਸਰੇ ਰੈਂਕ ਦੇ ਖਿਡਾਰੀ ਕੋਡਾਈ ਨਾਰੋਕਾ ਹੱਥੋਂ ਮਿਲੀ ਹਾਰ ਮਗਰੋਂ ਸਮਾਪਤ ਹੋ ਗਿਆ ਹੈ। ਪਹਿਲੇ ਦੌਰ ਵਿੱਚ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਜਪਾਨ ਦੇ ਕਾਂਤਾ ਸੁਨੇਯਾਮਾ ਨੂੰ ਹਰਾਉਣ ਵਾਲਾ ਪ੍ਰਿਯਾਂਸ਼ੂ ਰਜਾਵਤ ਸਿੱਧੀ ਗੇਮ ਵਿੱਚ ਨਾਰੋਕਾ ਤੋਂ 17-21, 16-21 ਦੇ ਅੰਤਰ ਨਾਲ ਹਾਰ ਗਿਆ। ਪਹਿਲੇ ਦੌਰ ਵਿੱਚ ਭਾਰਤ ਦੇ ਐੱਚਐੱਸ ਪ੍ਰਣਯ ਨੂੰ ਹਰਾਉਣ ਵਾਲੇ ਵਿਸ਼ਵ ਦੇ ਚੌਥੇ ਨੰਬਰ ਦੇ ਨਾਰੋਕਾ ਨੇ ਦੁਨੀਆ ਦੇ 37ਵੇਂ ਨੰਬਰ ਦੇ ਭਾਰਤੀ ਖਿਡਾਰੀ ਦੇ ਖ਼ਿਲਾਫ਼ ਸ਼ੁਰੂ ਵਿੱਚ ਹੀ ਦਬਦਬਾ ਬਣਾ ਕੇ ਰੱਖਿਆ ਤੇ 47 ਮਿੰਟਾਂ ਵਿੱਚ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਐੱਮਆਰ ਅਰਜੁਨ ਤੇ ਧਰੁਵ ਕਪਿਲਾ ਇੰਗਲੈਂਡ ਦੇ ਬੇਨ ਲੇਨ ਤੇ ਸੀਨ ਵੇਂਡੀ ਦੀ ਜੋੜੀ ਤੋਂ 15-21, 19-21 ਦੇ ਅੰਤਰ ਨਾਲ ਹਾਰ ਗਏ। ਇਹ ਮੁਕਾਬਲਾ 41 ਮਿੰਟ ਚੱਲਿਆ। ਇਸ ਟੂਰਨਾਮੈਂਟ ਵਿੱਚ ਫਿਲਹਾਲ ਭਾਰਤ ਦਾ ਇਕ ਹੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਡਟਿਆ ਹੋਇਆ ਹੈ। -ਪੀਟੀਆਈ