ਸਿੰਗਾਪੁਰ: ਭਾਰਤ ਦੇ ਨਵੇਂ ਸਫ਼ੀਰ ਅੰਬੁਲੇ ਨੇ ਰਾਸ਼ਟਰਪਤੀ ਨੂੰ ਦਸਤਾਵੇਜ਼ ਸੌਂਪੇ
ਸਿੰਗਾਪੁਰ, 25 ਜੁਲਾਈ
ਸਿੰਗਾਪੁਰ ’ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਡਾ. ਸ਼ਿਲਪਕ ਅੰਬੁਲੇ ਨੇ ਅੱਜ ‘ਦਿ ਇਸਤਾਨਾ’ (ਰਾਸ਼ਟਰਪਤੀ ਭਵਨ) ਵਿੱਚ ਰਾਸ਼ਟਰਪਤੀ ਹਲੀਮਾ ਯਾਕੂਬ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਦਸਤਵੇਜ਼ ਉਨ੍ਹਾਂ ਨੂੰ ਸੌਂਪੇ। ਅੰਬੁਲੇ (46) ਨੇ 23 ਜੁਲਾਈ ਤੋਂ ਸਿੰਗਾਪੁਰ ’ਚ ਹਾਈ ਕਮਿਸ਼ਨਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਪੀ. ਕੁਮਾਰਨ ਦੀ ਜਗ੍ਹਾ ਲਈ ਹੈ ਜਨਿ੍ਹਾਂ ਨੂੰ ਇਸੇ ਹਫ਼ਤੇ ਦੇ ਸ਼ੁਰੂ ਵਿੱਚ ਦਿੱਲੀ ਬੁਲਾ ਲਿਆ ਗਿਆ ਸੀ। ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ’ਤੇ ਪ੍ਰੋਫਾਈਲ ਮੁਤਾਬਕ ਅੰਬੁਲੇ ਨੇ ਪੁਣੇ ਦੇ ਬੀ.ਜੇ. ਮੈਡੀਕਲ ਕਾਲਜ ਤੋਂ ਗਰੈਜੂਏਸ਼ਨ ਕੀਤੀ। ਉਨ੍ਹਾਂ ਨੇ ਐੱਮਆਈਆਈਐੱਸ, ਮੌਂਟੇਰੇ ਕੈਲੀਫੋਰਨੀਆ ਤੋਂ ਚੀਨੀ-ਅੰਗਰੇਜ਼ੀ ਵਿੱਚ ਅਨੁਵਾਦ ਤੇ ਵਿਆਖਿਆ (ਟੀ ਐਂਡ ਆਈ) ਵਿੱਚ ਮਾਸਟਰ ਡਿਗਰੀ ਕੀਤੀ। ਉਹ 2002 ’ਚ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ ਸ਼ਾਮਲ ਹੋਏ ਅਤੇ ਚੀਨੀ ਭਾਸ਼ਾ ਸਿੱਖਣ ਮਗਰੋਂ ਉਨ੍ਹਾਂ ਪੇਈਚਿੰਗ (ਚੀਨ) ਵਿੱਚ ਭਾਰਤੀ ਸਫ਼ਾਰਤਖਾਨੇ ’ਚ ਤੀਜੇ ਸਕੱਤਰ, ਦੂਜੇ ਸਕੱਤਰ ਅਤੇ ਰਾਜਨੀਤਕ ਵਿੰਗ ਵਿੱਚ ਪਹਿਲੇ ਸਕੱਤਰ ਅਤੇ ਰਾਜਦੂਤ ਦੇ ਸਟਾਫ ਮੁਖੀ ਵਜੋਂ 8 ਸਾਲ ਕੰਮ ਕੀਤਾ। ਇਸ ਮਗਰੋਂ ਸ਼ਿਲਪਕ ਅੰਬੁਲੇ ਨੇ ਜਨਵਰੀ 2015 ਤੋਂ ਅਗਸਤ 2018 ਤੱਕ ਹੈੱਡਕੁਆਰਟਰ ਵਿੱਚ ਪੂਰਬੀ ਏਸ਼ੀਆ ਡਿਵੀਜ਼ਨ ਦੇ ਉਪ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਅਤੇ ਭਾਰਤੀ ਵਿਦੇਸ਼ ਸਕੱਤਰ ਦੇ ਸਟਾਫ ਮੁਖੀ ਵਜੋਂ ਕੰਮ ਕੀਤਾ। ਉਹ ਅਗਸਤ 2018 ਤੋਂ ਜੁਲਾਈ 2019 ਤੱਕ ਕੋਲੰਬੋ (ਸ੍ਰੀਲੰਕਾ) ਵਿੱਚ ਡਿਪਟੀ ਹਾਈ ਕਮਿਸ਼ਨਰ ਵੀ ਰਹੇ। ਇਸ ਮਗਰੋਂ ਉਹ ਦਿੱਲੀ ਵਾਪਸ ਆ ਗਏ ਅਤੇ ਜੂਨ 2022 ਤੱਕ ਵਿਦੇਸ਼ ਮੰਤਰੀ ਦੇ ਦਫ਼ਤਰ ’ਚ ਜੁਆਇੰਟ ਸੈਕਟਰੀ ਵਜੋਂ ਕੰਮ ਕੀਤਾ। -ਪੀਟੀਆਈ