ਸਿੰਗਾਪੁਰ: ਨਾਜਾਇਜ਼ ਸਬੰਧਾਂ ਕਾਰਨ ਭਾਰਤੀ ਮੂਲ ਦੇ ਸੰਸਦ ਮੈਂਬਰ ਵੱਲੋਂ ਅਸਤੀਫ਼ਾ
ਸਿੰਗਾਪੁਰ: ਸਿੰਗਾਪੁਰ ਦੀ ਸੱਭ ਤੋਂ ਵੱਡੀ ਵਿਰੋਧੀ ਧਿਰ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਲਿਓਨ ਪਰੇਰਾ (53) ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਨਿਕੋਲ ਸੀਹ (36) ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ਾਂ ਲੱਗਣ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ। ਵਰਕਰਜ਼ ਪਾਰਟੀ ਦੇ ਸਕੱਤਰ ਜਨਰਲ ਪ੍ਰੀਤਮ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ। ਦੋ ਦਨਿ ਪਹਿਲਾਂ ਸੰਸਦ ਦੇ ਸਪੀਕਰ ਟੈਨ ਚੁਆਨ-ਜਨਿ ਅਤੇ ਪੀਪਲਜ਼ ਐਕਸ਼ਨ ਪਾਰਟੀ ਦੀ ਸੰਸਦ ਮੈਂਬਰ ਚੇਂਗ ਲੀ ਹੁਈ ਨੇ ਸਬੰਧਾਂ ਕਾਰਨ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਪਰੇਰਾ ਅਤੇ ਸੀਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ। ਪ੍ਰੀਤਮ ਸਿੰਘ ਨੇ ਕਿਹਾ ਕਿ ਦੋਹਾਂ ਨੇ ਨਾਜਾਇਜ਼ ਸਬੰਧ ਹੋਣ ਦੀ ਗੱਲ ਕਬੂਲੀ ਹੈ ਜੋ 2020 ਦੀਆਂ ਆਮ ਚੋਣਾਂ ਮਗਰੋਂ ਸ਼ੁਰੂ ਹੋਏ ਸਨ ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਤੋੜ ਵਿਛੋੜਾ ਹੋ ਗਿਆ ਸੀ। ਜਦੋਂ 2021 ’ਚ ਇਹ ਮਾਮਲਾ ਉਛਲਿਆ ਸੀ ਤਾਂ ਦੋਵੇਂ ਆਗੂਆਂ ਨੇ ਪਾਰਟੀ ਨੂੰ ਕਿਹਾ ਸੀ ਕਿ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ। ਫੇਸਬੁੱਕ ’ਤੇ ਦੋਹਾਂ ਦੀ ਵੀਡੀਓ ਕਲਿੱਪ ਆਉਣ ਮਗਰੋਂ ਰੌਲਾ ਪੈ ਗਿਆ ਸੀ। -ਪੀਟੀਆਈ