ਸਿੰਗਾਪੁਰ: ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਕੈਦ
ਸਿੰਗਾਪੁਰ, 3 ਅਕਤੂਬਰ
ਸਿੰਗਾਪੁਰ ਹਾਈ ਕੋਰਟ ਨੇ ਭਾਰਤੀ ਮੂਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸਵਰਨ ਨੂੰ ਦੋ ਕਾਰੋਬਾਰੀਆਂ ਤੋਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲੈਣ ਦੇ ਸੱਤ ਸਾਲ ਪੁਰਾਣੇ ਮਾਮਲੇ ਵਿੱਚ ਅੱਜ 12 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। 62 ਸਾਲਾ ਈਸਵਰਨ ਨੇ 24 ਸਤੰਬਰ ਨੂੰ ਕੇਸ ਦੀ ਸੁਣਵਾਈ ਦੇ ਪਹਿਲੇ ਦਿਨ ਤੋਹਫੇ ਲੈਣ ਅਤੇ ਇਨਸਾਫ ਵਿੱਚ ਰੁਕਾਵਟ ਪਾਉਣ ਨਾਲ ਜੁੜੇ ਚਾਰ ਦੋਸ਼ ਕਬੂਲ ਕੀਤੇ। ਇਸਤਗਾਸਾ ਪੱਖ ਦੇ 56 ਗਵਾਹਾਂ ਦੇ ਬਿਆਨ ਦਰਜ ਕਰਵਾਉਣ ਲਈ ਸੁਣਵਾਈ ਲੰਮੀ ਚੱਲਣੀ ਸੀ ਪਰ ਇਸ ਨੂੰ ਸੰਖੇਪ ਕਰ ਦਿੱਤਾ ਗਿਆ। ਜਸਟਿਸ ਵਿਨਸੈਂਟ ਹੁੰਗ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੀਆਂ ਦਲੀਲਾਂ ’ਤੇ ਵਿਚਾਰ ਕੀਤਾ ਪਰ ‘ਦੋਵਾਂ ਧਿਰਾਂ ਦੀਆਂ ਦਲੀਲਾਂ ਨਾਲ ਉਹ ਸਹਿਮਤ ਨਹੀਂ ਹਨ।’ ਜਸਟਿਸ ਹੁੰਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਸੰਸਥਾਵਾਂ ਵਿੱਚ ਭਰੋਸਾ ਅਤੇ ਵਿਸ਼ਵਾਸ ਪ੍ਰਭਾਵੀ ਸ਼ਾਸਨ ਦਾ ਆਧਾਰ ਹੈ। ਜਸਟਿਸ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲਏ। -ਪੀਟੀਆਈ
ਈਸਵਰਨ ਵੱਲੋਂ ਦੋਸ਼ ਝੂਠੇ ਕਰਾਰ
ਜੱਜ ਨੇ ਕਿਹਾ ਕਿ ਈਸਵਰਨ ਨੇ ਜਨਤਕ ਬਿਆਨ ਦਿੰਦਿਆਂ ਦੋਸ਼ਾਂ ਨੂੰ ਝੂਠੇ ਦੱਸਿਆ ਸੀ। ‘ਦਿ ਸਟ੍ਰੇਟ ਟਾਈਮਜ਼’ ਦੀ ਰਿਪੋਰਟ ਵਿੱਚ ਜਸਟਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਈਸਵਰਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋਸ਼ ਖਾਰਜ ਕਰ ਦਿੱਤੇ ਹਨ ਅਤੇ ਉਹ ਨਿਰਦੋਸ਼ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਬਰੀ ਕਰ ਦਿੱਤਾ ਜਾਵੇਗਾ। ਇਸ ਲਈ ਮੇਰੇ ਲਈ ਇਹ ਭਰੋਸਾ ਕਰਨਾ ਮੁਸ਼ਕਲ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੈ।’