ਜੋਕੋਵਿਚ ਨੂੰ ਹਰਾ ਕੇ ਸਿਨਰ ਬਣਿਆ ਸ਼ੰਘਾਈ ਮਾਸਟਰਜ਼ ਚੈਂਪੀਅਨ
ਸ਼ੰਘਾਈ, 13 ਅਕਤੂਬਰ
ਸਿਖਰਲਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਅੱਜ ਇੱਥੇ 24 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਇਟਲੀ ਦੇ ਖਿਡਾਰੀ ਨੇ ਅੱਠ ਏਸ ਅਤੇ 22 ਵਿਨਰ ਲਗਾ ਕੇ ਜੋਕੋਵਿਚ ਨੂੰ 7-6 (4), 6-3 ਨਾਲ ਹਰਾਇਆ। ਜੋਕੋਵਿਚ ਨੇ ਚਾਰ ਏਸ ਅਤੇ 12 ਵਿਨਰ ਲਾਏ ਜਦਕਿ ਸਿਨਰ ਨੂੰ ਇੱਕ ਵੀ ਬ੍ਰੇਕ ਪੁਆਇੰਟ ਦਾ ਸਾਹਮਣਾ ਨਹੀਂ ਕਰਨਾ ਪਿਆ। ਖ਼ਿਤਾਬ ਜਿੱਤਣ ਮਗਰੋਂ ਸਿਨਰ ਨੇ ਕਿਹਾ, ‘ਇਹ ਬਹੁਤ ਸਖ਼ਤ ਮੁਕਾਬਲਾ ਸੀ। ਸਪੱਸ਼ਟ ਤੌਰ ’ਤੇ ਨੋਵਾਕ ਖ਼ਿਲਾਫ਼ ਖੇਡਣਾ ਸਭ ਤੋਂ ਮੁਸ਼ਕਲ ਚੁਣੌਤੀਆਂ ’ਚੋਂ ਇੱਕ ਹੈ। ਉਸ ਦੀ ਖੇਡ ਵਿੱਚ ਕੋਈ ਕਮਜ਼ੋਰੀ ਨਹੀਂ ਹੈ। ਉਹ ਸਾਡੀ ਖੇਡ ਦੇ ਮਹਾਨ ਖਿਡਾਰੀਆਂ ’ਚੋਂ ਇੱਕ ਹੈ। ਇਸ ਲਈ ਮੈਂ ਬਹੁਤ ਖੁਸ਼ ਹਾਂ।’ ਜੋਕੋਵਿਚ ਇੱਥੇ ਟੂਰ ਪੱਧਰ ਦਾ ਆਪਣਾ 100ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਰਸ਼ ਟੈਨਿਸ ’ਚ ਸਿਰਫ ਜਿੰਮੀ ਕੋਨਰਜ਼ ਅਤੇ ਰੌਜਰ ਫੈਡਰਰ ਹੀ ਖਿਤਾਬੀ ਸੈਂਕੜਾ ਪਾਰ ਕਰ ਸਕੇ ਹਨ। ਕੋਨਰਜ਼ ਨੇ 109 ਜਦਕਿ ਫੈਡਰਰ ਨੇ 103 ਟੂਰ ਪੱਧਰ ਦੇ ਖਿਤਾਬ ਜਿੱਤੇ ਹਨ।
ਇਸੇ ਤਰ੍ਹਾਂ ਮਹਿਲਾਵਾਂ ਦੇ ਵੁਹਾਨ ਓਪਨ ਦੇ ਫਾਈਨਲ ਵਿੱਚ ਅਰਿਆਨਾ ਸਬਾਲੇਂਕਾ ਨੇ ਜ਼ੇਂਗ ਕਿਨਵੇਨ ਨੂੰ 6-3 5-7 6-3 ਨਾਲ ਮਾਤ ਦਿੱਤੀ। ਇਹ ਸਬਾਲੇਂਕਾ ਦਾ ਇਸ ਸੀਜ਼ਨ ਵਿੱਚ ਚੌਥਾ ਖਿਤਾਬ ਹੈ। ਉਹ ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ ਅਤੇ ਯੂਐੱਸ ਓਪਨ ਗਰੈਂਡ ਸਲੈਮ ਵੀ ਜਿੱਤ ਚੁੱਕੀ ਹੈ। ਸਬਾਲੇਂਕਾ ਸੈਮੀਫਾਈਨਲ ’ਚ ਕੋਕੋ ਗੌਫ ਨੂੰ 1-6, 6-4, 6-4 ਨਾਲ ਜਦਕਿ ਪੈਰਿਸ ਓਲੰਪਿਕ ਚੈਂਪੀਅਨ ਕਿਨਵੇਨ 51ਵਾਂ ਦਰਜਾ ਪ੍ਰਾਪਤ ਵਾਂਗ ਜ਼ਿਨਯੂ ਨੂੰ 6-3, 6-4 ਨਾਲ ਹਰਾ ਕੇ ਫਾਈਨਲ ’ਚ ਪਹੁੰਚੀ ਸੀ। -ਪੀਟੀਆਈ