ਸਈਦ ਮੋਦੀ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ ਸਿੰਧੂ
ਲਖਨਊ, 30 ਨਵੰਬਰ
ਓਲੰਪਿਕ ਵਿੱਚ ਦੋ ਵਾਰ ਦੀ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਹਮਵਤਨ ਉੱਨਤੀ ਹੁੱਡਾ ਨੂੰ ਹਰਾ ਕੇ ਸਈਦ ਮੋਦੀ ਕੌਮਾਂਤਰੀ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿਖਰਲਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਉੱਨਤੀ ਨੂੰ 36 ਮਿੰਟਾਂ ਵਿੱਚ 21-12, 21-9 ਨਾਲ ਹਰਾਇਆ। ਸਿੰਧੂ ਨੇ ਮੈਚ ਤੋਂ ਬਾਅਦ ਕਿਹਾ, ‘ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਮੈਂ ਸ਼ੁਰੂ ਤੋਂ ਹੀ ਲੀਡ ਬਣਾਈ ਹੋਈ ਸੀ। ਮੈਨੂੰ ਲੱਗਦਾ ਹੈ ਕਿ ਉੱਨਤੀ ਵੀ ਚੰਗਾ ਖੇਡੀ ਪਰ ਮੈਂ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਉਹ ਉਭਰਦੀ ਖਿਡਾਰਨ ਹੈ ਅਤੇ ਮੈਂ ਉਸ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।’ ਸਿੰਧੂ ਨੇ ਕਿਹਾ, ‘ਹੁਣ ਮੈਂ ਕੱਲ੍ਹ ਦੀ ਤਿਆਰੀ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਇਹ ਸੌਖਾ ਮੁਕਾਬਲਾ ਨਹੀਂ ਹੋਵੇਗਾ। ਮੈਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ।’ ਇਸ ਤੋਂ ਪਹਿਲਾਂ ਤਨੀਸ਼ਾ ਕਰਾਸਟੋ ਤੇ ਧਰੁਵ ਕਪਿਲਾ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੇ ਫਾਈਨਲ ਵਿੱਚ ਥਾਂ ਬਣਾ ਲਈ। -ਪੀਟੀਆਈ