ਸਿਮਰਨਪ੍ਰੀਤ ਬਰਾੜ ਨੇ ਜਿੱਤਿਆ ਸੋਨ ਤਗ਼ਮਾ
ਇਕਬਾਲ ਸਿੰਘ ਸ਼ਾਂਤ
ਲੰਬੀ, 14 ਨਵੰਬਰ
ਦਸਮੇਸ਼ ਗਰਲਜ਼ ਕਾਲਜ, ਬਾਦਲ ਦੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਸੋਨਾ-ਕਾਂਸੀ ਜਿੱਤ ਕੇ ਲਿਆਈ ਹੈ। ਉਸ ਨੇ ਵਰਲਡ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ 25 ਮੀਟਰ ਪਿਸਟਲ (ਸਪੋਰਟਸ ਪਿਸਟਲ) ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ। ਸਿਮਰਨਪ੍ਰੀਤ ਕੌਰ ਦੇ ਨਾਲ ਟੀਮ ਮੈਂਬਰ ਵਜੋਂ ਭਾਰਤ ਵੱਲੋਂ ਨਿਸ਼ਾਨੇਬਾਜ਼ ਅਰਸ਼ਦੀਪ ਕੌਰ (ਰੋਪੜ) ਤੇ ਪਲਕ (ਹਰਿਆਣਾ) ਸ਼ਾਮਲ ਸਨ। ਸਿਮਰਨਪ੍ਰੀਤਰ ਨੇ ਵਿਅਕਤੀਗਤ ਮੁਕਾਬਲੇ ’’ਚ 25 ਮੀਟਰ ਪਿਸਟਲ ਮਹਿਲਾ (ਸਪੋਰਟਸ ਪਿਸਟਲ) ਦੇ ਕੁਆਲੀਫਾਇੰਗ ਰਾਊਂਡ ’ਚ ਪਹਿਲਾ ਸਥਾਨ ਲਿਆ। ਫਾਈਨਲ ਮੁਕਾਬਲੇ ’ਚ ਉਸ ਨੇ ਕਾਂਸੀ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ। ਕਰਨੀ ਸਿੰਘ ਸ਼ੂਟਿੰਗ ਰੇਂਜ (ਦਿੱਲੀ) ਵਿੱਚ ਹੋਈ ਇਸ ਚੈਂਪੀਅਨਸ਼ਿਪ ’ਚ ਦੁਨੀਆਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 220 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ। ਦੱਸ ਦੇਈਏ ਕਿ ਬੀਏ-2 ਦੀ ਵਿਦਿਆਥਣ ਸਿਮਰਨਪ੍ਰੀਤ ਕੌਰ ਵਰਲਡ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤਣ ਵਾਲੀ ਦਸਮੇਸ਼ ਕਾਲਜ, ਬਾਦਲ ਦੀ ਤੀਸਰੀ ਨਿਸ਼ਾਨੇਬਾਜ਼ ਹੈ। ਇਸ ਤੋਂ ਪਹਿਲਾਂ ਕਾਲਜ ਦੀ ਨਿਸ਼ਾਨੇਬਾਜ਼ ਲਖਬੀਰ ਕੌਰ ਸਿੱਧੂ ਅਤੇ ਰੂਬੀ ਤੋਮਰ ਵੀ ਇਸੇ ਚੈਂਪੀਅਨਸ਼ਿਪ ਵਿੱਚ ਅਦਾਰੇ ਦਾ ਨਾਂਅ ਚਮਕਾ ਚੁੱਕੀਆਂ ਹਨ।
ਉਹ ਮੌਜੂਦਾ ਸਮੇਂ ’ਚ ਦਸਮੇਸ਼ ਕਾਲਜ ’ਚ ਬੀ.ਏ-2 (ਆਰਟਸ) ਦੀ ਵਿਦਿਆਰਥਣ ਹੈ। ਉਸਨੇ ਕੋਰੀਆ ’ਚ 15ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ’ਚ 25 ਮੀਟਰ ਜੂਨੀਅਰ ਪਿਸਟਲ ਦੇ (ਟੀਮ) ਅਤੇ ਵਿਅਕਤੀਗਤ ਤੌਰ ’ਤੇ ਦੋ ਵੱਖ-ਵੱਖ ਚਾਂਦੀ ਦੇ ਤਗ਼ਮੇ ਜਿੱਤੇ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਰਾਈਫ਼ਲ ਐਸੋਸੀਏਸ਼ਨ ਦੇ ਸਕੱਤਰ ਜਨਰਲ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’ ਨੇ ਸਿਮਰਨਪ੍ਰੀਤ ਨੂੰ ਵਧਾਈਆਂ ਦਿੱਤੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਅਤੇ ਉਪ ਪ੍ਰਿੰਸੀਪਲ ਇੰਦਰਾ ਪਾਹੂਜਾ ਨੇ ਸਿਮਰਨਪ੍ਰੀਤ ਕੌਰ ਬਰਾੜ ਵੱਲੋਂ ਕੌਮਾਂਤਰੀ ਪੱਧਰ ’ਤੇ ਲਗਾਤਾਰ ਛੇਵੀਂ ਜਿੱਤ ਨੂੰ ਇਤਿਹਾਸਕ ਦੱਸਦੇ ਕਿਹਾ ਕਿ ਉਸ ’ਤੇ ਦਸਮੇਸ਼ ਵਿੱਦਿਅਕ ਅਦਾਰੇ ਨੂੰ ਪੂਰਾ ਮਾਣ ਹੈ।
‘ਕਦੇ ਮੁੱਲ ਦਿਵਾਉਣਾ ਪਿਆ ਸੀ ਤਗ਼ਮਾ’
ਤਗ਼ਮਿਆਂ ਲਈ ਸਿਮਰਨਪ੍ਰੀਤ ਦੀ ਤਾਂਘ ਬਚਪਨ ਤੋਂ ਹੈ। ਉਸ ਦੇ ਪਿਤਾ ਸ਼ਮਿੰਦਰ ਸਿੰਘ ਬਰਾੜ ਦੱਸਦੇ ਹਨ ਕਿ ਸਿਮਰਨਪ੍ਰੀਤ ਦੀ ਪਹਿਲੀ ਜਮਾਤ ਤੋਂ ਪੁਜੀਸ਼ਨ ਆਉਂਦੀ ਰਹੀ। ਚੌਥੀ ਜਮਾਤ ’ਚ ਕੋਈ ਪੁਜੀਸ਼ਨ ਨਾ ਆ ਸਕੀ, ਜਿਸ ’ਤੇ ਉਸਨੇ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ। ਉਸ ਨੂੰ ਬਾਜ਼ਾਰੋਂ ਤਗ਼ਮਾ ਮੁੱਲ ਲਿਆ ਕੇ ਵਰਾਉਣਾ ਪਿਆ ਸੀ। ਉਨ੍ਹਾਂ ਧੀ ਖੇਡ ਕੋਟੇ ਵਿੱਚੋਂ ਜੱਜ ਬਣਨਾ ਚਾਹੁੰਦੀ ਹੈ।
ਧੀ ਦੀ ਖੇਡ ਲਈ ਪਿਤਾ ਨੇ ਛੱਡੀ ਨੌਕਰੀ
ਸਿਮਰਨਪ੍ਰੀਤ ਕੌਰ ਦੀ ਲੜੀਵਾਰ ਸਫ਼ਲਤਾ ’ਚ ਉਸ ਦੇ ਅਧਿਆਪਕ ਪਿਤਾ ਸ਼ਮਿੰਦਰ ਸਿੰਘ ਬਰਾੜ ਤੇ ਮਾਤਾ ਹਰਚਰਨ ਕੌਰ ਦੀ ਵੱਡੀ ਭੂਮਿਕਾ ਹੈ। ਉਸ ਦੇ ਪਿਤਾ ਨੇ ਧੀ ਦੇ ਜੇਤੂ ਇਰਾਦੇ ਪਛਾਣ ਕੇ ਸਮੇਂ ਤੋਂ ਪਹਿਲਾਂ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਲੈ ਲਈ ਸੀ।