ਪਰਵਾਸ ਦੇ ਚਾਂਦੀ ਰੰਗੇ ਸੁਪਨੇ
ਗੁਰਬਚਨ ਜਗਤ
ਕੁਝ ਸਮੇਂ ਤੋਂ ਮੇਰੇ ਮਨ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਨਾਲ ਸਵਾਲ ਉੱਠਦੇ ਰਹੇ ਹਨ। ਕਦੇ ਕਦੇ ਮਨ ਭਰ ਜਾਂਦਾ ਹੈ ਤੇ ਕਦੇ ਕਦੇ ਹੁਲਾਸ ਵੀ ਬਹੁਤ ਹੁੰਦਾ ਤੇ ਫਿਰ ਕਦੇ ਕਦੇ ਮੈਂ ਸੁੰਨ ਹੋ ਜਾਂਦਾ ਹਾਂ। ਮੈਂ ਸੋਚਦਾ ਹਾਂ, ਕੀ ਇਹ ਪੰਜਾਬ ਲਈ ਚੰਗਾ ਹੈ? ਕੀ ਇਹ ਨੌਜਵਾਨਾਂ ਲਈ ਸਵੱਲਾ ਹੈ? ਕੀ ਇਹ ਪਰਿਵਾਰਾਂ ਲਈ ਸਹਾਈ ਹੈ? ਇਹ ਸਵਾਲ ਅਤੇ ਇਨ੍ਹਾਂ ਦੇ ਜਵਾਬ ਮੈਨੂੰ ਪ੍ਰੇਸ਼ਾਨ ਕਰਦੇ ਹਨ। ਬੜੇ ਚਿਰਾਂ ਬਾਅਦ ਮੇਰਾ ਇਕ ਪੁਰਾਣਾ ਮਿੱਤਰ ਲੰਡਨ ਤੋਂ ਮੈਨੂੰ ਮਿਲਣ ਲਈ ਆਇਆ ਸੀ। ਅਸੀਂ ਕੁਝ ਹੋਰਨਾਂ ਦੋਸਤਾਂ ਬਾਰੇ ਗੱਲਾਂ ਕੀਤੀਆਂ ਜਿਨ੍ਹਾਂ ਵਿਚੋਂ ਕੁਝ ਇੱਥੇ ਹੀ ਟਿਕੇ ਰਹਿ ਗਏ ਸਨ ਅਤੇ ਕੁਝ ਹੋਰ ਦੂਜੇ ਦੇਸ਼ਾਂ ਵੱਲ ਪਰਵਾਸ ਕਰ ਗਏ ਸਨ। ਪੁਰਾਣੇ ਦਿਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤਾਜ਼ਾ ਹੋ ਗਈਆਂ।
ਘੁੰਮ ਫਿਰ ਕੇ ਚਰਚਾ ਪੰਜਾਬ ਤੋਂ ਹੋ ਰਹੇ ਪਰਵਾਸ ’ਤੇ ਕੇਂਦਰਤ ਹੋ ਗਈ ਤੇ ਉਸ ਨੇ ਮੈਨੂੰ ਬਰਤਾਨੀਆ ਵਿਚ ਆਪਣੇ ਪਰਵਾਸ ਦੀ ਕਹਾਣੀ ਸੁਣਾਈ। ਉਨ੍ਹਾਂ ਦਾ ਪਿੰਡ ਬਿਆਸ ਕਸਬੇ ਦੇ ਲਾਗੇ ਅੰਮ੍ਰਿਤਸਰ ਜਿ਼ਲ੍ਹੇ ਵਿਚ ਪੈਂਦਾ ਹੈ। ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀ ਅਤੇ ਉਨ੍ਹਾਂ ਦੇ ਪਿਤਾ ਜੀ ਹੁਰੀਂ ਚਾਰ ਭਰਾ ਸਨ। ਸਭ ਤੋਂ ਛੋਟੇ ਉਨ੍ਹਾਂ ਦੇ ਪਿਤਾ ਜੀ ਘਰ ਦੇ ਡੰਗਰ ਪਸ਼ੂ ਸਾਂਭਦੇ ਸਨ। ਉਨ੍ਹਾਂ ਦਾ ਇਕ ਰਿਸ਼ਤੇਦਾਰ ਮਲਾਇਆ ਰਹਿੰਦਾ ਸੀ ਜਿਸ ਦੀਆਂ ਚਿੱਠੀਆਂ ਪੜ੍ਹ ਕੇ ਉਨ੍ਹਾਂ ਦੇ ਪਿਤਾ ਨੇ ਵੀ ਵਿਦੇਸ਼ ਜਾਣ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ। ਇਕ ਕੋਠੇ ਵਿਚ ਉਹ ਪਸ਼ੂਆਂ ਲਈ ਤੂੜੀ ਪਾਉਂਦੇ ਸਨ। ਇਕ ਦਿਨ ਉਹ ਤੰਗਲੀ ਨਾਲ ਤੂੜੀ ਕੱਢ ਰਹੇ ਸਨ ਕਿ ਅਚਨਚੇਤ ਕੋਠੇ ਦੀ ਛੱਤ ਦੇ ਇਕ ਬਾਲੇ ਕੋਲੋਂ ਕਿਸੇ ਚੀਜ਼ ਦੇ ਖਣਕਣ ਦੀ ਆਵਾਜ਼ ਆਈ। ਕੱਪੜੇ ਵਿਚ ਚਾਂਦੀ ਦੇ ਸਿੱਕੇ ਬੰਨ੍ਹ ਕੇ ਰੱਖੇ ਹੋਏ ਸਨ। ਜਦੋਂ ਉਨ੍ਹਾਂ ਗਿਣੇ ਤਾਂ ਅੱਸੀ ਸਿੱਕੇ ਨਿੱਕਲੇ। ਉਨ੍ਹਾਂ ਦੀ ਤਾਂ ਜਿਵੇਂ ਕਿਸਮਤ ਖੁੱਲ੍ਹ ਗਈ। ਇਹ 1940ਵਿਆਂ ਦੇ ਸ਼ੁਰੂ ਦੀ ਗੱਲ ਸੀ। ਸੋ, ਉਨ੍ਹਾਂ ਫ਼ੈਸਲਾ ਕਰ ਲਿਆ ਕਿ ਕਿਸਮਤ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ ਅਤੇ ਉਨ੍ਹਾਂ ਸਿੱਕਿਆਂ ਦੀ ਭਿਣਕ ਆਪਣੀ ਪਤਨੀ ਨੂੰ ਵੀ ਨਾ ਪੈਣ ਦਿੱਤੀ, ਮਤੇ ਉਹ ਉਨ੍ਹਾਂ ਨੂੰ ਮਲਾਇਆ ਜਾਣ ਤੋਂ ਨਾ ਰੋਕ ਲਵੇ।
ਉਦੋਂ ਅੰਮ੍ਰਿਤਸਰ ਤੋਂ ਕਲਕੱਤੇ (ਹੁਣ ਕੋਲਕਾਤਾ) ਲਈ ਹਾਵੜਾ ਐਕਸਪ੍ਰੈੱਸ ਰੇਲ ਗੱਡੀ ਚਲਦੀ ਸੀ। ਉਨ੍ਹਾਂ ਰੇਲ ਗੱਡੀ ਫੜੀ ਤੇ ਕਲਕੱਤਾ ਪਹੁੰਚ ਗਏ ਤੇ ਕੁਝ ਦਿਨ ਉੱਥੇ ਗੁਰਦੁਆਰੇ ਵਿਚ ਠਹਿਰੇ ਅਤੇ ਫਿਰ ਉੱਥੋਂ ਸਮੁੰਦਰੀ ਜਹਾਜ਼ ਚੜ੍ਹ ਕੇ ਮਲਾਇਆ ਪਹੁੰਚ ਗਏ। ਜਦੋਂ ਉਨ੍ਹਾਂ ਦਾ ਜਹਾਜ਼ ਮਲਾਇਆ ਬੰਦਰਗਾਹ ’ਤੇ ਪਹੁੰਚਿਆ ਤਾਂ ਉਦੋਂ ਤੱਕ ਜਪਾਨੀ ਫ਼ੌਜ ਬਰਤਾਨਵੀਆਂ ਨੂੰ ਪਛਾੜ ਕੇ ਸਿੰਗਾਪੁਰ ਅਤੇ ਮਲਾਇਆ ਉਪਰ ਕਾਬਜ਼ ਹੋ ਗਈ ਸੀ। ਉਨ੍ਹਾਂ ਦਾ ਉਹ ਰਿਸ਼ਤੇਦਾਰ ਉੱਥੋਂ ਜਾ ਚੁੱਕਿਆ ਸੀ ਅਤੇ ਹੁਣ ਉੁਹ ਨਵੇਂ ਹਾਕਮਾਂ ਦੀ ਕਿਰਪਾ ਦੇ ਮੁਥਾਜ ਹੋ ਕੇ ਰਹਿ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਲੰਮਾ ਸੰਘਰਸ਼ ਸ਼ੁਰੂ ਹੋਇਆ ਅਤੇ ਕਰੀਬ ਦਸ ਸਾਲਾਂ ਮਗਰੋਂ ਉਨ੍ਹਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਸਿੰਗਾਪੁਰ ਸੱਦ ਲਿਆ ਜੋ ਮੁੜ ਬਰਤਾਨਵੀ ਰਾਜ ਅਧੀਨ ਆ ਚੁੱਕਿਆ ਸੀ। ਦਸ ਸਾਲਾਂ ਬਾਅਦ ਪਿਤਾ ਨੇ ਆਪਣੇ ਬੱਚਿਆਂ ਨੂੰ ਕਲਾਵੇ ਵਿਚ ਲਿਆ ਤੇ ਇਵੇਂ ਪਰਿਵਾਰ ਸਿੰਗਾਪੁਰ ਵਿਚ ਵਸ ਗਿਆ। ਮੇਰਾ ਮਿੱਤਰ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉਠ ਕੇ ਯਕਦਮ ਵੱਡੇ ਸ਼ਹਿਰ ਵਿਚ ਚਲਾ ਗਿਆ। 1950ਵਿਆਂ ਦੇ ਅਖੀਰ ਵਿਚ ਇਕ ਦਿਨ ਉਹ ਵੀ ਪਾਣੀ ਵਾਲੇ ਜਹਾਜ਼ ਵਿਚ ਚੜ੍ਹ ਗਿਆ ਜੋ ਫਰਾਂਸ ਦੇ ਸ਼ਹਿਰ ਮਾਰਸੇਲਜ਼ ਜਾ ਕੇ ਰੁਕਿਆ ਅਤੇ ਉੱਥੋਂ ਕਲਾਸ, ਡੋਵਰ ਹੁੰਦਾ ਹੋਇਆ ਲੰਡਨ ਪਹੁੰਚਿਆ। ਉੱਥੇ ਪਹੁੰਚ ਕੇ ਉਸ ਨੇ ਇਕ ਗੁਰਦੁਆਰੇ ਵਿਚ ਸ਼ਰਨ ਲਈ। ਇਕ ਮਿਹਰਬਾਨ ਬਜ਼ੁਰਗ ਸਿੱਖ ਨੇ ਉਸ ਨੂੰ ਜੈਕਟ, ਪੈਂਟ ਤੇ ਜੁੱਤੇ ਲਿਆ ਕੇ ਦਿੱਤੇ ਅਤੇ ਉਸ ਲਈ ਕੰਮ ਲੱਭਿਆ। ਇਹ ਬੜੀ ਲੰਮੀ ਕਹਾਣੀ ਹੈ ਜਿਸ ਦੀ ਹੋਰ ਚਰਚਾ ਕਿਸੇ ਹੋਰ ਦਿਨ ਕਰਾਂਗਾ ਪਰ ਇੰਨਾ ਦੱਸਣਾ ਜ਼ਰੂਰੀ ਹੈ ਕਿ ਮੇਰਾ ਉਹ ਦੋਸਤ ਕਈ ਪਾਪੜ ਵੇਲਦਾ ਆਖ਼ਰ ਫਰੀ ਸਟਾਈਲ ਰੈਸਲਿੰਗ ਕਰਨ ਲੱਗ ਪਿਆ ਤੇ ਇਸ ਤੋਂ ਮਿਲੇ ਪੈਸਿਆਂ ਨੂੰ ਸੂਝ ਬੂਝ ਨਾਲ ਨਿਵੇਸ਼ ਕਰਨ ਸਦਕਾ ਅੱਜ ਉਹ ਬੜੇ ਆਰਾਮ ਨਾਲ ਆਪਣੇ ਬੁਢਾਪੇ ਦੇ ਦਿਨ ਗੁਜ਼ਾਰ ਰਿਹਾ ਹੈ। ਉਸ ਦੇ ਬੱਚੇ ਤੇ ਪੋਤੇ ਪੋਤਰੀਆਂ ਨੇ ਚੰਗੀ ਪੜ੍ਹਾਈ ਹਾਸਲ ਕਰ ਕੇ ਚੰਗੇ ਕਾਰੋਬਾਰ ਸਥਾਪਤ ਕਰ ਲਏ।
ਉਸ ਨੇ ਉੱਥੇ ਆਪਣੇ ਨਾਲ ਹੋਏ ਵਿਤਕਰਿਆਂ ਦੀ ਕਹਾਣੀ ਵੀ ਸੁਣਾਈ ਕਿ ਕਿਵੇਂ ਭਾਰਤੀਆਂ ਨੂੰ ਪੱਬਾਂ ਅਤੇ ਹੋਰਨਾਂ ਜਨਤਕ ਅਦਾਰਿਆਂ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ ਸੀ। ਫਿਰ ਭਾਰਤੀ ਕਾਮਿਆਂ ਦੀ ਜਥੇਬੰਦੀ ਨੂੰ ਬਰਾਬਰ ਹੱਕਾਂ ਦੀ ਲੜਾਈ ਲੜਨੀ ਪਈ ਸੀ। ਇਹੋ ਜਿਹੀਆਂ ਕਿੰਨੀਆਂ ਕਹਾਣੀਆਂ, ਕਿੰਨੀਆਂ ਔਕੜਾਂ ਹਨ, ਫਿਰ ਵੀ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਬਰਤਾਨੀਆ ਵੱਲ ਵਹੀਰਾਂ ਘੱਤ ਕੇ ਜਾਂਦੇ ਰਹੇ। ਅੱਜ ਪਰਵਾਸੀ, ਬਰਤਾਨੀਆ ਦਾ ਬਹੁਤ ਵੱਡਾ ਤੇ ਖੁਸ਼ਹਾਲ ਵਰਗ ਬਣ ਚੁੱਕੇ ਹਨ। ਇਹ ਚਾਂਦੀ ਦੇ ਅੱਸੀ ਸਿੱਕੇ ਲੈ ਕੇ ਕਿਸੇ ਅਣਜਾਣ ਮੁਲਕ ਵਿਚ ਜਾ ਕੇ ਵਸਣ ਵਾਲੇ ਕਿਸੇ ਇਕ ਸ਼ਖ਼ਸ ਦੀ ਕਹਾਣੀ ਨਹੀਂ ਹੈ ਸਗੋਂ ਉਨ੍ਹਾਂ ਲੱਖਾਂ ਪੰਜਾਬੀਆਂ ਦੀ ਕਹਾਣੀ ਹੈ ਜੋ ਪੂਰੀ ਵੀਹਵੀਂ ਸਦੀ ਵਿਚ ਅਤੇ ਹਾਲੇ ਤੱਕ ਵੀ ਵਿਦੇਸ਼ੀ ਮੁਲਕਾਂ ਵਿਚ ਆਪਣਾ ਭਵਿੱਖ ਸਿਰਜਣ ਦੇ ਆਸਵੰਦ ਰਹੇ ਹਨ। ਬਰਤਾਨੀਆ, ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਯੂਨਾਨ (ਗ੍ਰੀਸ) ਜਾਂ ਤੁਸੀਂ ਕਿਸੇ ਦੇਸ਼ ਦਾ ਨਾਂ ਲਓ, ਉਹ ਤੁਹਾਨੂੰ ਉੱਥੇ ਮਿਲ ਜਾਣਗੇ। ਇਨ੍ਹਾਂ ’ਚੋਂ ਜਿ਼ਆਦਾਤਰ ਪਰਵਾਸੀਆਂ ਨੂੰ ਮੇਰੇ ਦੋਸਤ ਤੇ ਉਨ੍ਹਾਂ ਦੇ ਪਿਤਾ ਵਾਂਗ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਸਾਬਤਕਦਮੀਂ ਆਪਣੀ ਮੰਜ਼ਲ ਵੱਲ ਤੁਰਦੇ ਗਏ। ਉਹ ਜਿੱਥੇ ਵੀ ਗਏ ਪੰਜਾਬੀਅਤ ਦੀ ਭਾਵਨਾ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸੰਤ ਕਬੀਰ, ਬਾਬਾ ਫ਼ਰੀਦ ਦੀ ਬਾਣੀ ਤੇ ਉਪਦੇਸ਼ਾਂ ਨੂੰ ਉਨ੍ਹਾਂ ਕਦੇ ਵਿਸਰਨ ਨਹੀਂ ਦਿੱਤਾ। ਤੁਸੀਂ ਦੇਖੋਗੇ ਕਿ ਉਹ ਡਾਕਟਰ, ਵਿਦਵਾਨ, ਇੰਜਨੀਅਰ, ਅਧਿਆਪਕ, ਕਾਰੋਬਾਰੀ, ਸਿਆਸਤਦਾਨ ਹੁੰਦੇ ਹੋਏ ਆਪਣੇ ਭਾਈਚਾਰਿਆਂ ਨਾਲ ਕਿਵੇਂ ਰਚੇ ਮਿਚੇ ਹੋਏ ਹਨ ਅਤੇ ਮਿਹਨਤ ਨਾਲ ਕਮਾਈ ਕਰ ਰਹੇ ਹਨ। ਇਨ੍ਹਾਂ ਮੁਲਕਾਂ ਨੇ ਉਨ੍ਹਾਂ ਨੂੰ ਵਧਣ ਫੁੱਲਣ ਦਾ ਮੰਚ ਦਿੱਤਾ ਹੈ। ਪਰਵਾਸੀਆਂ ਨੇ ਉੱਥੇ ਖੂਬ ਨਾਂ ਕਮਾਇਆ ਅਤੇ ਉਹ ਉਨ੍ਹਾਂ ਦੇ ਭਾਈਚਾਰਿਆਂ ਦਾ ਮੁੱਲਵਾਨ ਹਿੱਸਾ ਬਣ ਗਏ ਹਨ। ਜਿ਼ਆਦਾਤਰ ਪਰਵਾਸੀ ਉੱਥੇ ਸਥਾਪਤ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਉੱਥੋਂ ਦੀ ਮੁੱਖਧਾਰਾ ਦਾ ਅੰਗ ਬਣ ਗਈ ਹੈ।
ਪੰਜਾਬੀਆਂ ਦੇ ਪਰਵਾਸ ਦਾ ਮੂਲ ਕਾਰਨ ਕੀ ਸੀ? ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਤਿੰਨ ਲੜਾਈਆਂ ਹੋਈਆਂ ਸਨ ਤੇ ਇਸ ਤੋਂ ਬਾਅਦ ਇਕ ਵੱਡਾ ਰਾਜ ਅਤੇ ਇਸ ਦੀ ਲੋਕਾਈ ਲਾਵਾਰਸ ਹੋ ਗਏ। ਕੀ ਇਸ ਪਿੱਛੇ ਪੰਜਾਬ ’ਤੇ ਅੰਗਰੇਜ਼ਾਂ ਦੀ ਜਿੱਤ ਜਿ਼ੰਮੇਵਾਰ ਸੀ? ਕੀ ਇਹ ਇਸ ਕਰ ਕੇ ਹੋਇਆ ਕਿ ਅੰਗਰੇਜ਼ਾਂ ਨੇ ਪੁਰਾਣੇ ਰਾਜ ਦੀ ਫ਼ੌਜ ਦੇ ਵੱਡੇ ਹਿੱਸੇ ਨੂੰ ਆਪਣੀਆਂ ਸਫ਼ਾਂ ਵਿਚ ਸ਼ਾਮਲ ਕਰ ਲਿਆ ਸੀ ਅਤੇ ਫਿਰ ਪੰਜਾਬੀਆਂ ਦੀ ਹੋਰ ਜਿ਼ਆਦਾ ਭਰਤੀ ਕਰ ਕੇ ਕਈ ਦੇਸ਼ਾਂ ਵਿਚ ਆਪਣੀਆਂ ਲੜਾਈਆਂ ਲੜੀਆਂ ਸਨ? ਕੀ ਇਹ ਵੰਡ ਵੇਲੇ ਹੋਏ ਕਤਲੇਆਮ ਅਤੇ ਉਜਾੜੇ ਦਾ ਸਿੱਟਾ ਸੀ? ਮੇਰੇ ਦੋਸਤ ਨੇ ਇਨ੍ਹਾਂ ਮੋਹਰੀ ਪਰਵਾਸੀਆਂ ਦੀਆਂ ਜਿ਼ੰਦਗੀਆਂ ਦੀਆਂ ਜੋ ਕਹਾਣੀਆਂ ਸੁਣਾ ਕੇ ਮੇਰੀਆਂ ਅੱਖਾਂ ਖੋਲ੍ਹੀਆਂ ਹਨ, ਉਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਜੋ ਮੱਲਾਂ ਮਾਰੀਆਂ ਹਨ, ਉਨ੍ਹਾਂ ਬਾਰੇ ਇੱਥੇ ਰਹਿ ਕੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੈਂ ਕਦੇ ਵੀ ਨਹੀਂ ਛੁਟਿਆ ਸਕਾਂਗਾ। ਲੋਕਾਂ ਨੂੰ ਜ਼ਮੀਨ ਜਾਇਦਾਦ ਨਹੀਂ ਸਗੋਂ ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦੇ ਆਗੂ ਅਤੇ ਅਧਿਆਪਕ ਤਰਾਸ਼ਦੇ ਹਨ। ਬੁਰੀ ਤਰ੍ਹਾਂ ਛਾਂਗਿਆ ਹੋਇਆ ਅਜੋਕਾ ਪੰਜਾਬ ਆਪਣੇ ਸਭ ਤੋਂ ਬੇਸ਼ਕੀਮਤੀ ਸਰੋਤ (ਜ਼ਮੀਨ ਜਾਂ ਪਾਣੀ ਨਹੀਂ), ਭਾਵ ਮਾਨਵੀ ਸਰੋਤ ਦੇ ਇਕ ਹਿੱਸੇ ਤੋਂ ਵਾਂਝਾ ਹੋ ਗਿਆ ਹੈ। ਉਹ ਜਿੱਥੇ ਵੀ ਕਿਤੇ ਹੋਣਗੇ, ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਉਨ੍ਹਾਂ ਦੇ ਨਾਲ ਰਹੇਗੀ। ਪਰਵਾਸ ਦੇ ਸੁਪਨੇ ਸੰਜੋਣ ਵਾਲੇ ਨੌਜਵਾਨਾਂ ਨੂੰ ਮੈਂ ਬਸ ਇਹੀ ਕਹਾਂਗਾ ਕਿ ਉਨ੍ਹਾਂ ਦੀ ਇਸ ਯਾਤਰਾ ਵਿਚ ਰੱਬ ਉਨ੍ਹਾਂ ’ਤੇ ਮਿਹਰ ਦਾ ਹੱਥ ਰੱਖੇ।
*ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਗਵਰਨਰ, ਮਨੀਪੁਰ।