ਸਿੱਕਮ: ਸੜਕ ਹਾਦਸੇ ਵਿੱਚ ਫ਼ੌਜ ਦੇ ਚਾਰ ਜਵਾਨ ਸ਼ਹੀਦ
ਗੰਗਟੋਕ, 5 ਸਤੰਬਰ
ਸਿੱਕਮ ਦੇ ਪਾਕਯੋਂਗ ਜ਼ਿਲ੍ਹੇ ਵਿੱਚ ਅੱਜ ਇੱਕ ਸੜਕ ਹਾਦਸੇ ਦੌਰਾਨ ਚਾਰ ਫ਼ੌਜੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਬਿੰਨਾਗੁੜੀ ਵਿੱਚ ਤਾਇਨਾਤ ਸੈਨਾ ਦੇ ਈਐੱਮਸੀ ਕਰਮੀਆਂ ਨੂੰ ਲਿਜਾ ਰਿਹਾ ਵਾਹਨ ਰੇਨਾਕ-ਰੋਂਗਲੀ ਰਾਜਮਾਰਗ ’ਤੇ ਢਲਾਣ ਵਾਲੀ ਸੜਕ ਤੋਂ ਤਿਲਕ ਗਿਆ ਅਤੇ ਜੰਗਲ ਵਿੱਚ ਡਿੱਗ ਗਿਆ। ਪੁਲੀਸ ਨੇ ਦੱਸਿਆ ਕਿ ਗੱਡੀ ਵਿੱਚ ਚਾਰ ਜਣੇ ਸਵਾਰ ਸੀ, ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਸਿਪਾਹੀ ਪ੍ਰਦੀਪ ਪਟੇਲ, ਇੰਫਾਲ ਦੇ ਸੀਐੱਫਐੱਨ ਡਬਲਿਊ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਦਾਰ ਕੇ ਥੰਗਾਪੰਡੀ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ। ਪੁਲੀਸ ਅਨੁਸਾਰ ਫ਼ੌਜੀਆਂ ਦੀਆਂ ਦੇਹਾਂ ਫ਼ੌਜ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ