ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਸਿੱਖਾਂ ਵੱਲੋਂ ਮੁਜ਼ਾਹਰੇ ਕੀਤੇ ਜਾਣਗੇ: ਦਲ ਖਾਲਸਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਵਿਦੇਸ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਪਰ ਰਹੀਆਂ ਘਟਨਾਵਾਂ ਖਿਲਾਫ਼ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ 23 ਸਤੰਬਰ ਨੂੰ ਯੂਐੱਨਓ ਦਫ਼ਤਰ ਦੇ ਬਾਹਰ ਭਾਰਤ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ ਜਾਵੇਗਾ। ਇਹ ਖੁਲਾਸਾ ਇੱਥੇ ਦਲ ਖਾਲਸਾ ਜਥੇਬੰਦੀ ਨੇ ਕੀਤਾ। ਜਥੇਬੰਦੀ ਨੇ ਦੱਸਿਆ ਕਿ ਅਮਰੀਕਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਖਿਲਾਫ਼ ਮੁਜ਼ਾਹਰੇ ਕੀਤੇ ਜਾਣਗੇ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ, ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਤੇ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਅਮਰੀਕਾ ਦੀ ਇੱਕ ਅਦਾਲਤ ਵੱਲੋਂ ਸਿੱਖ ਆਗੂ ’ਤੇ ਹਮਲੇ ਖਿਲਾਫ਼ ਭਾਰਤ ਸਰਕਾਰ ਦੇ ਕੁਝ ਅਧਿਕਾਰੀਆਂ ਨੂੰ ਸੰਮਨ ਭੇਜੇ ਗਏ ਹਨ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਕੁਝ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਤਹਿਤ 29 ਸਤੰਬਰ ਨੂੰ ਗੁਰਦਾਸਪੁਰ ਵਿੱਚ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ ਜਾਵੇਗਾ। ਅਜਿਹੇ ਛੇ ਹੋਰ ਸੈਮੀਨਾਰ ਪੰਜਾਬ ਵਿੱਚ ਕਰਵਾਏ ਜਾਣਗੇ ਅਤੇ ਦਸੰਬਰ ਮਹੀਨੇ ਵਿੱਚ ਵੱਡਾ ਸਮਾਗਮ ਕੀਤਾ ਜਾਵੇਗਾ।