ਹਰਿਆਣੇ ਦੇ ਸਿੱਖਾਂ ਨੂੰ ਇਕੱਲੇ ਨਹੀਂ ਛੱਡਿਆ ਜਾਵੇਗਾ: ਚੰਦੂਮਾਜਰਾ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਪੰਜੋਖਰਾ ਸਾਹਿਬ (ਅੰਬਾਲਾ) ਵਿੱਚ ਚੱਲ ਰਹੇ ਤਿੰਨ ਰੋਜ਼ਾ ਸਮਾਗਮ ਵਿੱਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਬਰਨਾਲਾ ਵੀ ਆਏ। ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਹਰਿਆਣੇ ਦੇ ਸਿੱਖਾਂ ਨੂੰ ਸੱਤਾ ਵਿੱਚ ਭਾਗੀਦਾਰ ਬਣਵਾਉਣ ਵਿੱਚ ਅਸਫਲ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹਰਿਆਣੇ ਦੇ ਸਿੱਖਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਏਕਤਾ ਦਿਖਾਉਣੀ ਪਵੇਗੀ। ਜੇ ਹਰਿਆਣਾ ਦੇ ਸਿੱਖ ਇਕਜੁੱਟ ਹੋ ਜਾਣ ਤਾਂ ਪਾਰਟੀਆਂ ਸਿੱਖਾਂ ਨੂੰ ਸੱਤਾ ਵਿਚ ਹਿੱਸੇਦਾਰੀ ਦੇਣ ਲਈ ਵਚਨਬੱਧ ਰਹਿਣਗੀਆਂ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਚੰਦੂਮਾਜਰਾ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਚੰਡੀਗੜ੍ਹ ਤੋਂ ਦਿੱਲੀ ਤੱਕ ਬਣਾਏ ਜਾ ਰਹੇ ਹਾਈਵੇਅ ਤੋਂ ਗੁਰਦੁਆਰਾ ਪੰਜੋਖਰਾ ਸਾਹਿਬ ਲਈ ਸਰਵਿਸ ਲੇਨ ਤੇ ਕੱਟ ਦੇਣ ਦੀ ਅਪੀਲ ਕੀਤੀ ਗਈ ਹੈ।