ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਇਕੱਲੇ ਨਹੀਂ ਛੱਡਿਆ ਜਾਵੇਗਾ: ਚੰਦੂਮਾਜਰਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਯੂਪੀ ਦੇ ਸਿੱਖ ਵਫ਼ਦ ਵੱਲੋਂ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਗਿਆ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਇਕੱਲੇ ਨਹੀਂ ਛੱਡਿਆ ਜਾਵੇਗਾ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਹਰ ਹਾਲਤ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜ੍ਹਾ ਹੈ। ਯੂਪੀ ਦੇ ਲਖਨਊ ਵਿੱਚ ਹੋਈ ਇਸ ਵਿਚਾਰ ਚਰਚਾ ਵਿੱਚ ਯੂਪੀ ਦੇ ਸਿੱਖ ਵਫ਼ਦ ਵੱਲੋਂ ਸ੍ਰੀ ਚੰਦੂਮਾਜਰਾ ਨੂੰ ਗੁਰਦੁਆਰਾ ਨਾਨਕ ਮੱਤਾ ਦੇ ਪ੍ਰਬੰਧਕੀ ਬੋਰਡ ਦਾ ਮਸਲਾ ਹੱਲ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਸ੍ਰੀ ਚੰਦੂਮਾਜਰਾ ਨੂੰ ਅਪੀਲ ਕੀਤੀ ਕਿ ਲਖੀਮਪੁਰ ਖੀਰੀ ਵਿੱਚ ਸਿੱਖਾਂ ਅਤੇ ਪੰਜਾਬੀਆਂ ਉੱਪਰ ਪਾਏ ਝੂਠੇ ਕੇਸ ਵਾਪਸ ਕਰਵਾਉਣ ਲਈ ਉਨ੍ਹਾਂ ਦੀ ਮਦਦ ਕਰਨ।
ਇਸ ਮੌਕੇ ਵਫਦ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਿੱਘਰ ਰਹੀ ਹਾਲਤ ਉੱਪਰ ਵੀ ਚਿੰਤਾ ਪ੍ਰਗਟ ਕੀਤੀ ਗਈ। ਵਫ਼ਦ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੁਝ ਗ਼ੈਰ-ਅਕਾਲੀ ਆਗੂਆਂ ਦੀ ਸਲਾਹ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨ ਦੀ ਨੀਤੀ ਉੱਤੇ ਨਾ ਚੱਲਣ ਦੀ ਨਸੀਹਤ ਦਿੱਤੀ ਗਈ ਤੇ ਉਨ੍ਹਾਂ ਨੂੰ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਪੰਥਕ ਰਵਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।