ਸਿੱਖ ਕਦੇ ਖ਼ਤਮ ਨਹੀਂ ਹੋ ਸਕਦੇ: ਜਥੇਦਾਰ ਹਰਪ੍ਰੀਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖ ਕੌਮ ਅੰਦਰ ਹਫੜਾ-ਦਫੜੀ ਅਤੇ ਹੰਕਾਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕਈ ਲੋਕ ਇਹ ਕਹਿ ਰਹੇ ਹਨ ਕਿ ਜੇ ਇਹੀ ਹਾਲਾਤ ਰਹੇ ਤਾਂ ਸਿੱਖ ਖ਼ਤਮ ਹੋ ਜਾਣਗੇ। ਜਥੇਦਾਰ ਨੇ ਇਨ੍ਹਾਂ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਿੱਖ ਕਦੇ ਵੀ ਖ਼ਤਮ ਨਹੀਂ ਹੋ ਸਕਦੇ ਹਨ, ਬਸ਼ਰਤੇ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ। ਉਨ੍ਹਾਂ ਕਿਹਾ ਕਿ ਹਕੂਮਤਾਂ ਜਿੰਨੀਆਂ ਵੀ ਤਾਕਤਵਰ ਕਿਉਂ ਨਾ ਹੋਣ ਕਦੇ ਵੀ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ ਹੈ। ਸਮਾਗਮ ਦੇ ਅਖੀਰ ਵਿੱਚ ਪ੍ਰਬੰਧਕਾਂ ਆਰਪੀ ਸਿੰਘ, ਮੇਹਰ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਟੌਹੜਾ, ਬਲਵਿੰਦਰ ਸਿੰਘ ਸਾਗਰ, ਸੋਹਨ ਸਿੰਘ ਅਤੇ ਹੋਰਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਆਰਪੀ ਸਿੰਘ ਨੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।