ਸਿੱਖ ਸਦਭਾਵਨਾ ਦਲ ਨੇ ਅਕਾਲੀ ਆਗੂ ਵਲਟੋਹਾ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ
ਮੁਕੇਰੀਆਂ, 17 ਅਕਤੂਬਰ
ਸਿੱਖ ਸਦਭਾਵਨਾ ਦਲ ਤੇ ਸ਼ੇਰੇ ਪੰਜਾਬ ਦਲ ਦੇ ਆਗੂ ਗੁਰਵਤਨ ਸਿੰਘ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ਼ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਮੰਤਵ ਲਈ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ।
ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸਿੱਖ ਕੌਮ ਦੀ ਚਾਰੇ ਤਖਤਾਂ ਵਿੱਚ ਅਥਾਹ ਸ਼ਰਧਾ ਹੈ ਅਤੇ ਸਿੱਖ ਕੌਮ ਦੇ ਜ਼ਿਆਦਾਤਰ ਧਾਰਮਿਕ ਫੈਸਲੇ ਇਨ੍ਹਾਂ ਤਖਤਾਂ ਦੇ ਜਥੇਦਾਰ ਸਾਹਿਬਨ ਵਲੋਂ ਲਏ ਜਾਂਦੇ ਹਨ। ਸਿੱਖ ਕੌਮ ਇਨ੍ਹਾਂ ਜਥੇਦਾਰਾਂ ਖਿਲਾਫ਼ ਕਿਸੇ ਸਿਆਸੀ ਆਗੂ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਉਨ੍ਹਾ ਕਿਹਾ ਕਿ ਇਸ ਮਾਮਲੇ ਵਿੱਚ ਅਕਾਲੀ ਆਗੂ ਖਿਲਾਫ਼ ਅਪਰਾਧਿਕ ਕੇਸ ਦਰਜ਼ ਕਰਾਇਆ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ਼ੇਰੇ ਪੰਜਾਬ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਦੇ ਵਿਦੇਸ਼ੋਂ ਪਰਤਣ ਉਪਰੰਤ ਵਲਟੋਹਾ ਖਿਲਾਫ਼ ਕਾਰਵਾਈ ਕਰਾਉਣ ਲਈ ਠੋਸ ਫੈਸਲੇ ਲਏ ਜਾਣਗੇ।