ਸਿੱਖ ਰਿਸਰਚ ਇੰਸਟੀਚਿਊਟ ਵਲੋਂ ਗੁਰੂ ਗ੍ਰੰਥ ਸਾਹਿਬ ’ਤੇ ਖੋਜ ਜਾਰੀ
ਪੱਤਰ ਪ੍ਰੇਰਕ
ਰਾਏਕੋਟ, 26 ਜੁਲਾਈ
ਸਿੱਖ ਰਿਸਰਚ ਇੰਸਟੀਚਿਊਟ ‘ਸਿਖ-ਰੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਸ਼ਾਬਦਕ ਅਰਥ, ਭਾਵਨਾਤਮਕ-ਸਿਰਜਣਾਤਮਕ ਅਰਥ, ਵਿਆਕਰਣ, ਵਿਆਖਿਆ, ਸੰਗੀਤਕ, ਇਤਿਹਾਸਕ, ਦਾਰਸ਼ਨਿਕ ਆਦਿ ਵਿਭਿੰਨ ਪੱਖਾਂ ਤੋਂ ਵਿਚਾਰਨ ਦੇ ਇਕ ਵੱਡੇ ਪ੍ਰਾਜੈਕਟ ਨੂੰ ਲੈ ਕੇ ਚੱਲ ਰਹੀ ਹੈ। ‘ਸਿੱਖ-ਰੀ’ ਦੀ ਸਹਿਯੋਗੀ ‘ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ’ ਵਲੋਂ ਇਸ ਮਹੀਨੇ ਵਿਆਹ ਨਾਲ ਸਬੰਧਤ ਤਿੰਨ ਪ੍ਰਮੁੱਖ ਸ਼ਬਦਾਂ ਨੂੰ ਆਪਣੀ ਵੈਬਸਾਈਟ ’ਤੇ ਰਿਲੀਜ਼ ਕੀਤਾ ਗਿਆ।
ਵਿਸ਼ਾ ਵਸਤੂ ਪ੍ਰਮੁੱਖ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ‘ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ’ ਸਿੱਖ ਰਿਸਰਚ ਇੰਸਟੀਚਿਊਟ ‘ਸਿਖ-ਰੀ’ ਦਾ ਇਕ ਮਹਤਵਪੂਰਣ ਅੰਗ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਖੋਜ ਕਾਰਜ ਵਿਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਪ੍ਰਾਜੈਕਟ ਹਰਿੰਦਰ ਸਿੰਘ ਦੀ ਗਹਿਰ-ਗੰਭੀਰ ਸੋਚ ਦਾ ਨਤੀਜਾ ਹੈ।
ਇਸ ਪ੍ਰਾਜੈਕਟ ਦੇ ਅੰਤਰਗਤ ਅਨੇਕ ਬਾਣੀਆਂ ਦਾ ਬਹੁਪੱਖੀ ਅਧਿਐਨ ਕਰਕੇ ਵੈੱਬਸਾਈਟ ’ਤੇ ਪਾਇਆ ਜਾ ਚੁੱਕਾ ਹੈ ਅਤੇ ਇਸ ਮਹੀਨੇ ਵਿਆਹ ਸਮੇਂ ਪੜ੍ਹੇ ਅਤੇ ਗਾਏ ਜਾਣ ਵਾਲੇ ਤਿੰਨ ਸ਼ਬਦਾਂ ਨੂੰ ਵੈਬਸਾਇਟ ’ਤੇ ਅਪਲੋਡ ਕੀਤਾ ਗਿਆ ਹੈ, ਜਿਥੋਂ ਪਾਠਕ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਇਹ ਤਿੰਨ ਸ਼ਬਦ ‘ਕੁੜਮੂ ਕੁੜਮਾਈ ਆਇਆ’, ‘ਹਮ ਘਰ ਸਾਜਨ ਆਏ ‘ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ’ ਹਨ, ਜਨਿ੍ਹਾਂ ਨੂੰ ਕੁੜਮਾਈ, ਮਿਲਣੀ , ਆਨੰਦ ਕਾਰਜ ਆਦਿ ਤੋਂ ਪਹਿਲਾਂ ਪੜਿ੍ਹਆ ਜਾਂ ਗਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਪਹਿਲਾ ਸ਼ਬਦ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਅਤੇ ਮਗਰਲੇ ਦੋ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਦੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਦੀ ਇਹ ਮੁੱਖ ਲੋੜ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਈਏ ਕਿ ਵਿਆਹ ਆਦਿਕ ਸਮਾਗਮਾਂ ਸਮੇਂ ਪੜ੍ਹੇ ਅਤੇ ਗਾਏ ਜਾਂਦੇ ਸ਼ਬਦਾਂ ਦੇ ਅਸਲ ਭਾਵ ਕੀ ਹਨ ਅਤੇ ਇਨ੍ਹਾਂ ਸਮਾਗਮਾਂ ਸਮੇਂ ਇਨ੍ਹਾਂ ਨੂੰ ਕਿਉਂ ਪੜ੍ਹਿਆ ਜਾਂ ਗਾਇਆ ਜਾਂਦਾ ਹੈ।