ਸਿੱਖ ਧਰਮੀ ਫੌਜੀ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 10 ਜਨਵਰੀ
ਇਥੇ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਇਥੇ ਇਕ ਪੈਲੇਸ ਵਿੱਚ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਜੂਨ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਸਿੱਖ ਧਰਮੀ ਫੌਜੀ ਆਪਣੀਆਂ ਜਾਨਾਂ ਅਤੇ ਨੌਕਰੀਆਂ ਦੀ ਪਰਵਾਹ ਨਾ ਕਰਦੇ ਹੋਏ ਬੈਰਕਾਂ ਛੱੱਡ ਕੇ ਹਥਿਆਰਾਂ ਸਮੇਤ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਕੇ ਸ਼ਹਾਦਤਾਂ ਪਾਉਣ ਆਏ ਸਨ। ਧਰਮੀ ਫੌਜੀਆਂ ਦੀ ਕੋਈ ਵੱਖਰੀ ਕੈਟਾਗਿਰੀ ਨਹੀਂ ਹੈ, ਬੈਰਕਾਂ ਛੱਡਣ ਵਾਲੇ ਸਾਰੇ ਸਿੱਖ ਧਰਮੀ ਫੌਜੀਆਂ ਨੂੰ ਜਿੰਦਾ ਸ਼ਹੀਦ ਧਰਮੀ ਫੌਜੀ ਮੰਨਿਆ ਜਾਵੇ। ਇਸ ਮੀਟਿੰਗ ’ਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸਵਿੰਦਰ ਸਿੰਘ ਸ਼ੋਹੀ, ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਗੁਲਜ਼ਾਰ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਬਲਬੀਰ ਸਿੰਘ, ਸੁਜਾਨ ਸਿੰਘ ਆਦਿ ਧਰਮੀ ਫੌਜੀ ਸ਼ਾਮਲ ਸਨ।