ਲਾਸ ਏਂਜਲਸ ਦੇ ਅੱਗ ਪੀੜਤਾਂ ਦੀ ਮਦਦ ਲਈ ਅੱਗੇ ਆਈ ਸਿੱਖ ਸੰਸਥਾ
ਲਾਸ ਏਂਜਲਸ, 28 ਜਨਵਰੀ
ਅਮਰੀਕੀ-ਸਿੱਖ ਗੈਰ-ਲਾਭਕਾਰੀ ਸੰਸਥਾ ਲਾਸ ਏਂਜਲਸ ਅਤੇ ਨੇੜਲੇ ਇਲਾਕਿਆਂ ਵਿੱਚ ਭਿਆਨਕ ਅੱਗ ਨਾਲ ਪ੍ਰਭਾਵਿਤ ਹਜ਼ਾਰਾਂ ਲੋਕਾਂ ਨੂੰ ਮੁਫਤ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ ਕਰਨ ਲਈ ਅੱਗੇ ਆਈ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਿਤ ਇੱਕ ਗੈਰ-ਲਾਭਕਾਰੀ ਸੰਸਥਾ ‘ਲੈਟਸ ਸ਼ੇਅਰ ਏ ਮੀਲ’ ਦੇ ਓਂਕਾਰ ਸਿੰਘ ਨੇ ਕਿਹਾ ਕਿ ਵਾਲੰਟੀਅਰਾਂ ਦੀ ਟੀਮ ਉਨ੍ਹਾਂ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਵੰਡ ਰਹੀ ਹੈ ਜਿਨ੍ਹਾਂ ਦੇ ਘਰ ਸੜ ਗਏ ਸਨ। ਉਨ੍ਹਾਂ ਕਿਹਾ ਕਿ ਹਰ ਦਿਨ ਹਾਲਾਤ ਬਿਹਤਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਜਦੋਂ ਅੱਗ ਲੱਗੀ ਸੀ ਤਾਂ ਹਰ ਕੋਈ ਘਬਰਾਇਆ ਹੋਇਆ ਸੀ।
ਨਿਊ ਜਰਸੀ ਸਥਿਤ ਕਾਰੋਬਾਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰ ਸੜ ਗਏ ਹਨ ਉਨ੍ਹਾਂ ਨੂੰ ਸਹਾਇਤਾ ਦੀ ਤਾਂ ਲੋੜ ਹੈ, ਪਰ ਇਸ ਤੋਂ ਵੱਧ ਉਨ੍ਹਾਂ ਨੂੰ ਭਰੋਸਾ ਦਿਵਾਉਣ ਦੀ ਲੋੜ ਹੈ। ਸਿੰਘ ਨੇ ਕਿਹਾ ਕਿ ਸਾਡੇ ਵਲੰਟੀਅਰਾਂ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ ਹੈ ਕਿ ਪੂਰੀ ਦੁਨੀਆ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਵਾਲੰਟੀਅਰਾਂ ਵੱਲੋਂ ਬੇਬੀ ਬਾਈਕ, ਬੇਬੀ ਡਾਇਪਰ, ਬੇਬੀ ਫੂਡ, ਪੈਲੇਟਸ, ਪੌਪਕੌਰਨ, ਪਾਣੀ, ਟੁੱਥਪੇਸਟ ਅਤੇ ਟੁੱਥਬ੍ਰਸ਼, ਪਾਣੀ, ਜੂਸ ਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ। ਟੀਮਾਂ ਇਨ੍ਹਾਂ ਚੀਜ਼ਾਂ ਨੂੰ ਵੰਡਣ ਲਈ ਆਸਰਾ-ਘਰ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਗਨੀ ਕਾਂਡ ਨੇ ਕਈ ਅਮੀਰ ਤੇ ਹੋਰ ਖੁਸ਼ਹਾਲ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਗਰੀਬ ਲੋਕ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਅਜੇ ਵੀ ਪਨਾਹ ਦੀ ਭਾਲ ਕਰ ਰਹੇ ਹਨ। ਨਿਉੂ ਜਰਸੀ ਵਿਚ ਸਥਾਪਨਾ ਤੋਂ ਬਾਅਦ ਕਰੀਬ 12 ਸਾਲਾਂ ਦੌਰਾਨ ‘ਲੈਟਸ ਸ਼ੇਅਰ ਏ ਮੀਲ’ ਨੇ ਦਸ ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਪਰੋਸਿਆ ਹੈ। -ਪੀਟੀਆਈ