ਸਿੱਖ ਨੈਸ਼ਨਲ ਕਾਲਜ ਨੇ ਚੌਥੀ ਵਾਰ ਜਿੱਤੀ ਯੂਥ ਫੈਸਟੀਵਲ ਦੀ ਓਵਰਆਲ ਟਰਾਫ਼ੀ
ਸੁਰਜੀਤ ਮਜਾਰੀ
ਬੰਗਾ, 3 ਨਵੰਬਰ
ਗੁਰੂੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਜ਼ੋਨ ਡੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਡਿਵੀਜ਼ਨ- ਏ ਵਿੱਚ ਚੌਥੀ ਵਾਰ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇਸ ਸਬੰਧੀ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਕਾਲਜ ਦਾ ਲਗਾਤਾਰ ਚੌਥੀ ਵਾਰ ਓਵਰਆਲ ਚੈਂਪੀਅਨ ਬਣਨਾ ਨਿਵੇਕਲਾ ਕੀਰਤੀਮਾਨ ਹੈ। ਇਸ ਸਮੇਂ ਡਾ. ਗੁਰਵਿੰਦਰ ਸਿੰਘ (ਡੀਨ ਕਲਾ ਤੇ ਸੱਭਿਆਚਾਰ ਵਿਭਾਗ) ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਇਹ ਪ੍ਰਾਪਤੀ 109 ਅੰਕਾਂ ਨਾਲ ਹਾਸਲ ਕੀਤੀ ਹੈ। ਜਿੱਤ ਤੋਂ ਬਾਅਦ ਸਾਰੇ ਪ੍ਰਤੀਯੋਗੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਯੂਥ ਫੈਸਟੀਵਲ ਦੌਰਾਨ ਇੰਦਰਪ੍ਰੀਤ ਕੌਰ ਨੂੰ ਫੋਕ ਆਰਕੈਸਟਰਾ ’ਚ ਫਸਟ ਬੈਸਟ ਇੰਸਟਰੂਮੈਂਟ ਪਲੇਅਰ ਤੇ ਦਿਪਤਾਂਸ਼ੂ ਨੂੰ ਭੰਗੜੇ ਵਿੱਚ ਫਸਟ ਬੈਸਟ ਡਾਂਸਰ ਐਲਾਨਿਆ ਗਿਆ। ਲੋਕ ਗੀਤਾਂ ’ਚ ਵਿਦਿਆਰਥੀ ਸ਼ਾਹਿਦ ਅਲੀ, ਗ਼ਜ਼ਲ ਗਾਇਨ ’ਚ ਗੁਰਪ੍ਰੀਤ ਸਿੰਘ ਤੇ ਕਲਾਸੀਕਲ ਗਾਇਨ ’ਚ ਇੰਦਰਪ੍ਰੀਤ ਕੌਰ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ। ਭੰਗੜੇ, ਲੁੱਡੀ, ਸਕਿੱਟ ਮਾਈਮ ਤੇ ਮਿਮਿਕਰੀ ਆਦਿ ਦੀਆਂ ਪੇਸ਼ਕਾਰੀਆਂ ਨੇ ਵੀ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ (ਡਿਪਟੀ ਡੀਨ ਕਲਾ ਤੇ ਸੱਭਿਆਚਾਰ) ਨੇ ਕਿਹਾ ਕਿ ਯੂਥ ਫੈਸਟੀਵਲ ਦੌਰਾਨ ਇਹ ਕਾਲਜ ਡਿਵੀਜ਼ਨ-ਏ ਅਤੇ ਬੀ ਦੇ ਕਾਲਜਾਂ ਦੇ ਹੁੰਦੇ ਸਾਂਝੇ ਮੁਕਾਬਲਿਆਂ ’ਚ ਬਾਕੀ ਕਾਲਜਾਂ ਨੂੰ ਪਛਾੜ ਕੇ ਹਰ ਸਾਲ ਚੈਂਪੀਅਨ ਬਣਨ ਦੇ ਸੁਪਨੇ ਨੂੰ ਸਾਕਾਰ ਕਰਦਾ ਆ ਰਿਹਾ ਹੈ। ਯੂਨੀਵਰਸਿਟੀ ਤੋਂ ਡਾ. ਅਮਨਦੀਪ ਸਿੰਘ ਇੰਚਾਰਜ ਯੁਵਕ ਭਲਾਈ ਵਿਭਾਗ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਅਤੇ ਡਾ. ਪਰਮਬੀਰ ਸਿੰਘ ਮੱਲ੍ਹੀ ਨੇ ਵੀ ਵਧਾਈ ਦਿੱਤੀ। ਇਸ ਮੌਕੇ ਡਾ. ਨਿਰਮਲਜੀਤ ਕੌਰ,ਪ੍ ਰੋ. ਗੁਰਪ੍ਰੀਤ ਸਿੰਘ, ਨੀਲਮ ਕੁਮਾਰੀ, ਮੁਨੀਸ਼ ਸੰਧੀਰ, ਕੁਮਾਰੀ ਸਿਖਾ, ਕਿਸ਼ੋਰ ਕੁਮਾਰ, ਨੀਤੂ ਸਿੰਘ, ਸ਼ਾਮ ਸਿੰਘ, ਸਾਕਸ਼ੀ, ਇੰਦਰਪ੍ਰੀਤ ਕੌਰ ਤੇ ਪਵਨ ਕੁਮਾਰ ਭੰਗੜਾ ਕੋਚ ਹਾਜ਼ਰ ਸਨ।