ਸਿੱਖ ਕਤਲੇਆਮ ਪੀੜਤਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਨਵੰਬਰ
ਚੁਰਾਸੀ ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ 84 ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਪਿਛਲੀ ਸਰਕਾਰ ਵੱਲੋਂ ਕੀਤੇ ਫ਼ੈਸਲੇ ਜੇ 15 ਦਿਨਾਂ ਦੇ ਅੰਦਰ-ਅੰਦਰ ਲਾਗੂ ਨਾ ਕੀਤੇ ਗਏ ਤਾਂ ਪੀੜਤ ਪਰਿਵਾਰਾਂ ਦੀਆਂ ਪੰਜ ਬੀਬੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਬਾਹਰ ਮਰਨ ਵਰਤ ’ਤੇ ਬੈਠਣਗੀਆਂ। ਚੁਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਸੀਆਰਪੀ ਕਲੋਨੀ ਦੁੱਗਰੀ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਦੇਖ-ਰੇਖ ਹੋਏ ਸਮਾਗਮ ਦੌਰਾਨ ਮਤਾ ਪਾਸ ਕਰ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਪਿਛਲੇ 40 ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿੱਚ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਮਕਾਨ, ਪਲਾਟ ਅਤੇ ਕਾਰੋਬਾਰੀ ਬੂਥ ਅਲਾਟ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ 135 ਪਰਿਵਾਰਾਂ ਦੇ ਲਾਲ ਕਾਰਡ ਰੱਦ ਕੀਤੇ ਗਏ ਹਨ, ਤੁਰੰਤ ਬਹਾਲ ਕੀਤੇ ਜਾਣ।
ਸਮਾਗਮ ਦੌਰਾਨ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਮਤਾ ਪਾਸ ਕਰੇ।
ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਮਲਕੀਤ ਸਿੰਘ ਦਾਖਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਅੰਮ੍ਰਿਤ ਕੌਰ ਪੁੱਤਰੀ ਸ਼ਹੀਦ ਬੇਅੰਤ ਸਿੰਘ ਆਦਿ ਹਾਜ਼ਰ ਸਨ।