ਸਿੱਖ ਕਤਲੇਆਮ: ਜੀਕੇ ਤੇ ਟਾਈਟਲਰ ਖ਼ਿਲਾਫ਼ ਜਬਰੀ ਸ਼ਿਕਾਇਤਕਰਤਾ ਬਣਨ ਦੇ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ 1984 ਦੇ ਸਿੱਖ ਕਤਲੇਆਮ ਮਾਮਲੇ ’ਚ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਵਿੱਚ ਜਬਰੀ ਸ਼ਿਕਾਇਤਕਰਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਅੱਜ ਇਥੇ ਜਗਦੀਸ਼ ਟਾਈਟਲਰ ਖ਼ਿਲਾਫ਼ ਰਾਊਜ਼ ਐਵੇਨਿਊ ਅਦਾਲਤ ’ਚ ਮਾਮਲੇ ਦੀ ਸੁਣਵਾਈ ਮਗਰੋਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਵਾਰ-ਵਾਰ ਅਦਾਲਤ ਵਿਚ ਖ਼ੁਦ ਨੂੰ ਸ਼ਿਕਾਇਤਕਰਤਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਦਾ ਅਦਾਲਤ ਨੇ ਗੰਭੀਰ ਨੋਟਿਸ ਲਿਆ ਹੈ।
ਉਨ੍ਹਾਂ ਦੱਸਿਆ ਕਿ ਜੱਜ ਨੇ ਜੀਕੇ ਨੂੰ ਸਪੱਸ਼ਟ ਕਿਹਾ ਕਿ ਉਹ ਜ਼ਬਰਦਸਤੀ ਸ਼ਿਕਾਇਤਕਰਤਾ ਨਹੀਂ ਬਣ ਸਕਦੇ। ਜੇਕਰ ਸੀਬੀਆਈ ਨੂੰ ੳੁਨ੍ਹਾਂ ਦੀ ਗਵਾਹੀ ਦੀ ਲੋਡ਼ ਹੋੲੀ ਤਾਂ ੳੁਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੱਜ ਨੇ ਕਡ਼ਕਡ਼ਡੂਮਾ ਅਦਾਲਤ ’ਚ ਕੇਸ ਦਾ ਰਿਕਾਰਡ ਤਲਬ ਕਰ ਕੇ ਮਾਮਲੇ ਦੀ ਸੁਣਵਾਈ 6 ਜੁਲਾਈ ਲਈ ਮੁਲਤਵੀ ਕਰ ਦਿੱਤੀ।
ਜੀਕੇ ਮਾਣਹਾਨੀ ਮਾਮਲੇ ’ਚ ਸਿਰਸਾ, ਕਾਲਕਾ ਅਤੇ ਕਾਹਲੋਂ ਨੂੰ ਸੰਮਨ
ਡੀਅੈੱਸਜੀਪੀਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਬਿਨਾਂ ਸਬੂਤਾਂ ਤੋਂ ਅਪਸ਼ਬਦ ਕਹਿਣ ’ਤੇ ਅੱਜ ਦਿੱਲੀ ਦੀ ਰਾੳੂਜ਼ ਐਵੇਨਿਊ ਅਦਾਲਤ ਨੇ ਮਾਣਹਾਨੀ ਦੇ ਦੋਸ਼ਾਂ ਤਹਿਤ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਸੰਮਨ ਜਾਰੀ ਕੀਤੇ ਹਨ। ਜੀਕੇ ਵੱਲੋਂ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਕਤ ਵਿਅਕਤੀਆਂ ਨੇ ਸਿਆਸੀ ਅਤੇ ਨਿੱਜੀ ਫਾਇਦੇ ਲੈਣ ਦੀ ਕੋਸ਼ਿਸ਼ ਤਹਿਤ ੳੁਨ੍ਹਾਂ ਨੂੰ ਬਦਨਾਮ ਕੀਤਾ ਹੈ। ਜੀਕੇ ਨੇ ਕਿਹਾ ਕਿ ਹੁਣ ਤਿੰਨੋਂ ਮੁਲਜ਼ਮਾਂ ਕੋਲ ਅਦਾਲਤ ’ਚ ਝੂਠੇ ਬਿਆਨਾਂ ਲਈ ਮੁਆਫ਼ੀ ਮੰਗਣ ਜਾਂ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨ ਕਰੇ ਕੇ ਸਜ਼ਾ ਭੁਗਤਣ ਦਾ ਰਾਹ ਹੀ ਬਚਿਅਾ ਹੈ।