ਰਾੜਾ ਸਾਹਿਬ ਸਕੂਲ ਵਿੱਚ ‘ਸਿੱਖ ਵਿਰਸਾ’ ਸਮਾਗਮ
ਪੱਤਰ ਪ੍ਰੇਰਕ
ਪਾਇਲ, 10 ਨਵੰਬਰ
ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਸੰਤ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਸਕੂਲ ਵਿੱਚ ‘ਸਿੱਖ ਵਿਰਸਾ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਅਧੀਨ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗੁਰਮਤਿ ਦੇ ਸਵਾਲ-ਜਵਾਬ, ਗੁਰੂਆਂ ਦੇ ਜੀਵਨ ਨਾਲ ਸਬੰਧਤ ਸਾਖੀਆਂ, ਸਲੋਗਨ, ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਸਜਾਉਣ ਮੁਕਾਬਲੇ, ਧਾਰਮਿਕ ਕਵਿਤਾ ਗਾਇਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ 21 ਸਕੂਲਾਂ ਦੇ ਚੌਥੀ ਤੋਂ ਬਾਰ੍ਹਵੀਂ ਤੱਕ ਦੇ 106 ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਾਰੇ ਹੀ ਬੱਚਿਆਂ ਨੇ ਹਰ ਇੱਕ ਮੁਕਾਬਲੇ ਵਿੱਚ ਇੱਕ ਦੂਸਰੇ ਨੂੰ ਜ਼ੋਰਦਾਰ ਟੱਕਰ ਦਿੱਤੀ। ਇਸ ਮੁਕਾਬਲੇ ਦੌਰਾਨ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਲੁਧਿਆਣਾ ਨੇ ਪਹਿਲਾ, ਸੈਕਰਟ ਹਾਰਟ ਕਾਨਵੈਂਟ ਸਕੂਲ ਖੰਨਾ ਨੇ ਦੂਸਰਾ ਤੇ ਆਤਮ ਵਿੱਦਿਆ ਮੰਦਿਰ ਸਕੂਲ ਕਨੇਚ ਨੇ ਤੀਸਰਾ ਸਥਾਨ ਹਾਸਿਲ ਕੀਤਾ।