ਗੁਰੂ ਗੋਬਿੰਦ ਸਿੰਘ ਕਾਲਜ ’ਚ ਸਿੱਖ ਵਿਰਾਸਤ ਕੇਂਦਰ ਖੁੱਲ੍ਹਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਸਤੰਬਰ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਵਿੱਚ ਅੱਜ ‘ਵਿਰਾਸਤ: ਸਿੱਖ ਹੈਰੀਟੇਜ ਸੈਂਟਰ’ ਦਾ ਉਦਘਾਟਨ ਕੀਤਾ ਗਿਆ। ਇਹ ਸੈਂਟਰ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਵਿਰਾਸਤੀ ਅਜਾਇਬ ਘਰ ਹੈ। ਇਸ ਦਾ ਉਦੇਸ਼ ਸਿੱਖ ਵਿਰਾਸਤ ਅਤੇ ਸੱਭਿਆਚਾਰ ਦੀ ਅਮੀਰ ਵਿਰਾਸਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਇਹ ਡਿਜੀਟਲ ਲਾਇ੍ਰਬੇਰੀ ਚਾਰ ਸਾਲਾਂ ਵਿਚ ਤਿਆਰ ਕੀਤੀ ਗਈ ਹੈ ਜਿਸ ਦੀ ਹਰ ਗਰਾਫਿਕ, ਪੇਂਟਿੰਗ ਹੇਠਾਂ ਇਬਾਰਤ ਲਿਖੀ ਹੋਈ ਹੈ ਜੋ ਉਸ ਪੇਂਟਿੰਗ ਦੀ ਮਹੱਤਤਾ ਦਰਸਾਉਂਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ, ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕਾਰਜਕਾਰੀ ਡਾਇਰੈਕਟਰ ਦਵਿੰਦਰ ਪਾਲ ਸਿੰਘ ਮੌਜੂਦ ਸਨ। ਵਾਈਸ ਚਾਂਸਲਰ ਨੇ ਕਿਹਾ ਕਿ ਇਸ ਅਜਾਇਬ ਘਰ ਵਿਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੀਆਂ ਦੁਰਲੱਭ ਕਲਾਕ੍ਰਿਤੀਆਂ, ਹੱਥ-ਲਿਖਤਾਂ ਅਤੇ ਮਲਟੀਮੀਡੀਆ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਦਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੜ੍ਹ ਕੇ ਜਾਂਦੇ ਹਨ ਪਰ ਜ਼ਿਆਦਾਤਰ ਨੂੰ ਗੁਰੂ ਜੀ ਦੀ ਜ਼ਿੰਦਗੀ ਬਾਰੇ ਜ਼ਿਆਦਾ ਪਤਾ ਨਹੀਂ ਹੁੰਦਾ, ਇਸ ਕਰ ਕੇ ਗੁਰੂ ਜੀ ਦੇ ਜੀਵਨ ਬਾਰੇ ਵਿਸਥਾਰ ਵਿਚ ਜਾਣਨ ਲਈ ਇਹ ਉਪਰਾਲਾ ਕੀਤਾ ਗਿਆ ਹੈ।