ਸਿਕੰਦਰਪੁਰ ਖੇਤੀਬਾੜੀ ਸਭਾ ਨੂੰ ਜਿੰਦਰਾ ਲਾਉਣ ਦਾ ਮਾਮਲਾ ਭਖ਼ਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਅਗਸਤ
ਦਿ ਸਿਕੰਦਰਪੁਰ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਦੀ ਨਿਯੁਕਤੀ ਮਗਰੋਂ ਕੁਝ ਕਿਸਾਨਾਂ ਵੱਲੋਂ ਸਭਾ ਦੇ ਦਫ਼ਤਰ ਨੂੰ ਜਿੰਦਰਾ ਲਗਾਉਣ ਖਿਲਾਫ਼ ਪੁਲੀਸ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ। ਖੇਤੀਬਾੜੀ ਸਭਾ ਦੇ ਮੈਂਬਰ ਰਣਜੀਤ ਸਿੰਘ, ਮਨਿੰਦਰ ਸਿੰਘ, ਗੁਰਦੇਵ ਕੌਰ, ਕੁਲਜੀਤ ਕੌਰ, ਸਵਰਨ ਕੌਰ, ਅਵਤਾਰ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ, ਮੋਹਣ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਤਰਲੋਕ ਸਿੰਘ, ਕੁਲਵਿੰਦਰ ਕੌਰ, ਦਰਸ਼ਨ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਆਦਿ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਖੇਤੀਬਾੜੀ ਸਭਾ ਦੇ ਦਫ਼ਤਰ ਨੂੰ ਕੁਝ ਵਿਅਕਤੀਆਂ ਨੇ ਜਿੰਦਰਾ ਲਗਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਸਭਾ ਨਾਲ ਲੈਣ-ਦੇਣ ਬੰਦ ਹੋ ਗਿਆ ਹੈ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਸਭਾ ਤੋਂ ਫਸਲਾਂ ਲਈ ਖਾਦ ਤੇ ਹੋਰ ਸਾਮਾਨ ਲੈਣਾ ਹੁੰਦਾ ਹੈ, ਜਿਸ ਕਾਰਨ ਖੇਤੀ ਦਾ ਕੰਮ ਵੀ ਠੱਪ ਹੋਣ ਕਾਰ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਭਾ ਦੇ ਦਫ਼ਤਰ ਦਾ ਜਿੰਦਰਾ ਖੁੱਲ੍ਹਵਾ ਕੇ ਕੰਮਕਾਰ ਸ਼ੁਰੂ ਕਰਵਾਇਆ ਜਾਵੇ। ਫਿਲਹਾਲ ਮਾਛੀਵਾੜਾ ਪੁਲੀਸ ਵਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਇਹ ਮਾਮਲਾ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ।