ਮੋਗਾ ਗੋਲੀ ਕਾਂਡ ਦੇ ਸ਼ਹੀਦ ਵਿਦਿਆਰਥੀਆਂ ਨੂੰ ਸਿਜਦਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਕਤੂਬਰ
ਇੱਥੇ ਪੀਐੱਸਯੂ ਵੱਲੋਂ ਤਕਰੀਬਨ ਪੰਜ ਦਹਾਕੇ ਪਹਿਲਾਂ 5 ਅਕਤੂਬਰ 1972 ਨੂੰ ਵਾਪਰੇ ਗੋਲੀ ਕਾਂਡ ’ਚ ਸ਼ਹੀਦ ਵਿਦਿਆਰਥੀ ਤੇ ਹੋਰਾਂ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਲਹਿਰ ਦੀ ਸ਼ਾਨਾਮੱਤੀ ਵਿਰਾਸਤ ਰੀਗਲ ਸਿਨੇਮਾ ਇਮਾਰਤ ’ਤੇ ਇਨਕਲਾਬ ਜਿੰਦਾਬਾਦ ਨਾਅਰਿਆਂ ਦੀ ਗੂੰਜ ਲਾਲ ਝੰਡਾ ਝੁਲਾਇਆ। ਸੂਬਾ ਪ੍ਰਧਾਨ ਰਣਵੀਰ ਸਿੰਘ, ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ, ਸਾਬਕਾ ਵਿਦਿਆਰਥੀ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਖੰਡਰ ਬਣ ਚੁੱਕੀ ਸਥਾਨਕ ਰੀਗਲ ਸਿਨੇਮਾ ਇਮਾਰਤ ਅਤੇ ਫ਼ਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਮੰਗਲਜੀਤ ਪੰਡੋਰੀ ਤੇ ਸੁਖਦੀਪ ਹਥਨ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਅਹਿਦ ਲਈਏ ਕਿ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਨ ਅਤੇ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਿਆ ਜਾਵੇ।
ਪੀਐੱਸਯੂ ਵੱਲੋਂ ਮੋਗਾ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਬਠਿੰਡਾ (ਸ਼ਗਨ ਕਟਾਰੀਆ): ਰੀਗਲ ਸਿਨੇਮਾ ਗੋਲੀ ਕਾਂਡ ਦੌਰਾਨ ਜਾਨਾਂ ਦੀ ਆਹੂਤੀ ਦੇਣ ਵਾਲੇ ਵਿਦਿਆਰਥੀਆਂ ਨੂੰ ਅੱਜ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂਆਂ ਗੁਰਵਿੰਦਰ ਸਿੰਘ ਅਤੇ ਗੁਰਦਾਤ ਸਿੰਘ ਨੇ ਕਿਹਾ ਕਿ 5 ਅਤੇ 7 ਅਕਤੂਬਰ 1972 ਨੂੰ ਮੋਗਾ ਪੁਲੀਸ ਵੱਲੋਂ ਵਿਦਿਆਰਥੀਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰੀਗਲ ਸਿਨੇਮੇ ਦੇ ਮਾਲਕ ਵੱਲੋਂ ਟਿਕਟਾਂ ਦੀ ਬਲੈਕ ਅਤੇ ਗੁੰਡਾਗਰਦੀ ਕਰਵਾਈ ਜਾਂਦੀ ਸੀ ਅਤੇ ਇਸ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਉੱਤੇ ਪੁਲੀਸ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਘਰਸ਼ ਸਦਕਾ ਹੀ ਹਕੂਮਤ ਦੀ ਦਹਿਸ਼ਤਗਰਦੀ ਅਤੇ ਝੂਠੇ ਪੁਲੀਸ ਮੁਕਾਬਲਿਆਂ ਨੂੰ ਵਿਦਿਆਰਥੀਆਂ ਨੇ ਠੱਲ੍ਹ ਪੁਆਈ ਅਤੇ ਯੂਨੀਵਰਸਿਟੀਆਂ ਕਾਲਜਾਂ ’ਚ ਪੀਐੱਸਯੂ ਦੀ ਅਗਵਾਈ ’ਚ ਵਿਦਿਆਰਥੀ ਆਪਣੇ ਹੱਕਾਂ ਲਈ ਲਾਮਬੰਦ ਹੋਏ। ਵਿਦਿਆਰਥੀ ਆਗੂ ਅਕਾਸ਼ਦੀਪ ਸਿੰਘ, ਨਵਜੋਤ ਸਿੰਘ, ਅਮਰਜੀਤ ਸਿੰਘ, ਸਿਮਰਨ, ਅਲਕਾ ਅਤੇ ਹਰਮਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।