ਨਸ਼ਿਆਂ ਵਿਰੁੱਧ ਸਾਈਕਲ ਰੈਲੀ ਦੀ ਸਾਰਥਿਕਤਾ
ਗੁਰਪ੍ਰੀਤ ਸਿੰਘ ਤੂਰ
ਪੁਲੀਸ ਕਮਿਸ਼ਨਰੇਟ, ਲੁਧਿਆਣਾ ਵੱਲੋਂ 16 ਨਵੰਬਰ ਨੂੰ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਵਿੱਚ ਬਹੁਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਸਨ। ਜ਼ਿਲ੍ਹੇ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਸੀ। ਮੇਰੇ ਵਾਂਗ ਥੋੜ੍ਹੇ ਵੱਡੀ ਉਮਰ ਦੇ ਲੋਕ ਵੀ ਸ਼ਾਮਲ ਹੋਏ। ਸਾਈਕਲ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਨੌਜਵਾਨਾਂ ਨੂੰ ਪੁਲੀਸ ਕਮਿਸ਼ਨਰ, ਡਾਇਰੈਕਟਰ ਜਨਰਲ ਆਫ ਪੁਲੀਸ ਅਤੇ ਮੁੱਖ ਮੰਤਰੀ ਪੰਜਾਬ ਨੇ ਸੰਬੋਧਨ ਕੀਤਾ।
ਰੈਲੀ ਦੌਰਾਨ ਸਾਈਕਲ ’ਤੇ ਸਫ਼ਰ ਕਰਦਿਆਂ ਜਿੱਥੇ ਨੌਜਵਾਨ ਖੜ੍ਹ ਜਾਂਦੇ ਮੈਂ ਵੀ ਉਨ੍ਹਾਂ ਕੋਲ ਰੁਕ ਜਾਂਦਾ, ਉਨ੍ਹਾਂ ਦੇ ਸਾਈਕਲਾਂ ਦੀ ਤਾਰੀਫ਼ ਕਰਦਾ ਮੈਂ ਹੌਲੀ-ਹੌਲੀ ਉਨ੍ਹਾਂ ਨਾਲ ਗੱਲਾਂ ਕਰਨ ਲੱਗਦਾ। ਮੋਬਾਈਲ ਫੋਨ ਕਰਕੇ ਦੋ ਵਿਦਿਆਰਥੀਆਂ ਨੂੰ ਪਿੱਛੇ ਆਉਂਦੇ ਉਨ੍ਹਾਂ ਦੇ ਸਾਥੀ ਇਕੱਠੇ ਚੱਲਣ ਬਾਰੇ, ਉਨ੍ਹਾਂ ਨੂੰ ਰੁਕ ਜਾਣ ਲਈ ਕਹਿ ਰਹੇ ਸਨ। ਮੂਹਰੇ ਜਾਂਦੇ ਵਿਦਿਆਰਥੀ ਨੇ ਫੋਨ ਸਪੀਕਰ ’ਤੇ ਲਾਇਆ ਹੋਇਆ ਸੀ। ਉਨ੍ਹਾਂ ਨੇ ਕਿਹਾ, ‘ਅਸੀਂ ਖੱਬੇ ਹੱਥ ਪੈਂਦੇ ਠੇਕੇ ਕੋਲ ਰੁਕ ਗਏ ਹਾਂ, ਤੁਸੀਂ ਜਲਦੀ ਪਹੁੰਚੋ।’ ਪਿੱਛੋਂ ਆਉਂਦੇ ਸਾਥੀਆਂ ਨੇ ਉਨ੍ਹਾਂ ਨੂੰ ਕਾਹਲੀ ਨਾਲ ਟੋਕਿਆ, ‘ਠੇਕੇ ਕੋਲ ਨਹੀਂ, ਤੁਸੀਂ ਠੇਕਾ ਲੰਘ ਕੇ ਰੁਕੋ, ਇੱਥੇ ਖੜ੍ਹਨਾ ਬੁਰਾ ਲੱਗੇਗਾ।’ ਉਨ੍ਹਾਂ ਦੇ ਇਸ ਫ਼ੈਸਲੇ ਨੇ ਮੇਰੇ ਅੰਦਰ ਝਰਨਾਹਟ ਛੇੜ ਦਿੱਤੀ। ਅਜਿਹੇ ਇਕੱਠ ਤੇ ਯਤਨ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਕੋਈ ਮਨੋਵਿਗਿਆਨੀ ਹੀ ਇਸ ਦਾ ਸਹੀ ਉੱਤਰ ਦੇ ਸਕਦਾ ਹੈ।
ਉਸ ਤੋਂ ਬਾਅਦ ਪਾਣੀ ਤੇ ਮੈਡੀਕਲ ਸਹਾਇਤਾ ਵਾਲੀ ਇੱਕ ਗੱਡੀ ਸਾਡੇ ਕੋਲ ਦੀ ਲੰਘੀ। ਉਸ ਗੱਡੀ ਵਿੱਚ ਅਨਾਉਂਸਮੈਂਟ ਕਰਨ ਲਈ ਇੱਕ ਸਪੀਕਰ ਵੀ ਸੀ ਤੇ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਗਾਣੇ ਵੀ ਲਾ ਲੈਂਦੇ ਸਨ। ਗਾਣਾ ਗੂੰਜਿਆ, ‘ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ।’ ਪੰਜ-ਸੱਤ ਵਿਦਿਆਰਥੀਆਂ ਦੀ ਟੋਲੀ ਨੇ ਸਾਈਕਲ ਤੇਜ਼ ਕਰਕੇ ਉਸ ਗੱਡੀ ਦੇ ਮਗਰ ਲਾ ਲਏ। ਉਹ ਨਾਲ-ਨਾਲ ਗਾਉਣ ਲੱਗੇ ਤੇ ਸਾਈਕਲ ਤੋਂ ਹੱਥ ਛੱਡ ਕੇ ਚੁਟਕੀਆਂ ਵਜਾਉਂਦੇ ਗਏ। ਮੈਨੂੰ ਮਹਿਸੂਸ ਹੋਇਆ ਕਿ ਗੀਤਾਂ ਦੀ ਸ਼ਬਦਾਵਲੀ ਚੁੰਬਕ ਵਾਂਗ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੀ ਹੈ। ਭਾਵੇਂ ਇਹ ਗੀਤ ਇੱਕ ਹਾਂ-ਵਾਚਕ ਕਹਾਣੀ ’ਤੇ ਫਿਲਮਾਇਆ ਗਿਆ ਹੈ, ਪਰ ਮੈਨੂੰ ਇਸ ਗੀਤ ਦੀ ਸ਼ਬਦਾਵਲੀ ਵਿੱਚੋਂ ਵੀ ਨਾਂਹ-ਵਾਚਕ ਅੰਸ਼ ਨਜ਼ਰ ਆਏ। ਜੇ ਹਾਂ-ਵਾਚਕ ਗੀਤ ਵੀ ਨੌਜਵਾਨਾਂ ਨੂੰ ਇਵੇਂ ਪ੍ਰਭਾਵਿਤ ਕਰਦੇ ਹਨ, ਫੇਰ ਨਾਂਹ-ਵਾਚਕ ਗੀਤ ਤਾਂ ਉਨ੍ਹਾਂ ਨੂੰ ਵਾਵਰੋਲਿਆਂ ਵਿੱਚ ਘੁੰਮਦੇ ਸੁੱਕੇ ਪੱਤਿਆਂ ਵਾਂਗ ਉਡਾ ਕੇ ਦੂਰ ਲੈ ਜਾਂਦੇ ਹੋਣਗੇ। ਇਵੇਂ ਹੀ ਹੋਇਆ ਹਥਿਆਰਾਂ ਤੇ ਗੱਡੀਆਂ ਵਾਲੇ ਗੀਤਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਰਾਹ ਪਾਇਆ।
ਵਾਪਸ ਮੁੜਦਿਆਂ ਵਿਦਿਆਰਥੀਆਂ ਦਾ ਇੱਕ ਸਮੂਹ ਆਪਣੇ ਸਾਈਕਲਾਂ ਨੂੰ ਸੜਕ ਦੀ ਬੰਨੀ ਕੋਲ ਲਾ ਕੇ ਆਪਣੇ ਅਧਿਆਪਕਾਂ ਕੋਲ ਖੜ੍ਹਾ ਸੀ। ਸ਼ਾਇਦ ਉਹ ਬਾਕੀ ਵਿਦਿਆਰਥੀਆਂ ਦੀ ਉਡੀਕ ਕਰ ਰਹੇ ਸਨ। ਅਧਿਆਪਕਾਂ ਦੀ ਇਜਾਜ਼ਤ ਨਾਲ ਮੈਂ ਸਾਰੇ ਨੌਜਵਾਨਾਂ ਤੋਂ ਪੁੱਛਣ ਲੱਗਾ ਕਿ ਤੁਹਾਨੂੰ ਨਸ਼ਿਆਂ ਖਿਲਾਫ਼ ਰੈਲੀ ਵਿੱਚ ਕੀ ਕੁੱਝ ਚੰਗਾ ਲੱਗਿਆ। ‘ਹਰ ਕੋਈ ਦੱਸੇਗਾ’ ਮੈਂ ਉਨ੍ਹਾਂ ਵਿੱਚੋਂ ਇੱਕ-ਦੋ ਨੂੰ ਉਤਸ਼ਾਹਿਤ ਕਰਨ ਲੱਗਾ, ਪਰ ਉਹ ਚੁੱਪ ਸਨ। ਮੇਰੇ ਜ਼ੋਰ ਦੇਣ ’ਤੇ ਇੱਕ ਨੌਜਵਾਨ ਬੋਲਿਆ ‘ਸਭ ਠੀਕ ਈ ਆ।’ ਉਸ ਦੇ ਇੰਨਾ ਕਹਿਣ ’ਤੇ ਸਾਰੇ ਬੱਚੇ ਹੱਸ ਪਏ। ਉਨ੍ਹਾਂ ਦੇ ਹਾਸੇ ਵਿੱਚ ਇੱਕ ਰਮਜ਼ ਸੀ, ਜਿਵੇਂ ਉਹ ਨਸ਼ਿਆਂ ਨੂੰ ਲੈ ਕੇ ਸਰਕਾਰ ਤੇ ਸਿਸਟਮ ਦੀ ਭੂਮਿਕਾ ’ਤੇ ਸ਼ੱਕ ਕਰਦੇ ਹੋਣ। ਕਿਸੇ ਟੀਚੇ ਦੀ ਪ੍ਰਾਪਤੀ ਲਈ ਲੋਕਾਂ ਦਾ ਸਿਸਟਮ ਵਿੱਚ ਵਿਸ਼ਵਾਸ ਹੋਣਾ ਅਤਿ ਜ਼ਰੂਰੀ ਹੈ। ਨਸ਼ਿਆਂ ਵਿਰੁੱਧ ਲੋਕ ਤਾਕਤ ਦਾ ਸਾਥ ਹਾਸਲ ਕਰਨ ਲਈ ਲੋਕਾਂ ਦਾ ਵਿਸ਼ਵਾਸ ਜਿੱਤਣਾ ਵਿਸ਼ੇਸ਼ ਸੂਤਰਧਾਰ ਹੈ।
ਚਾਰ-ਪੰਜ ਨੌਜਵਾਨ ਇੱਕ ਥਾਂ ’ਤੇ ਰੁਕੇ ਹੋਏ ਸਨ। ਨੇੜੇ-ਤੇੜੇ ਖੜ੍ਹੇ ਪੰਜ-ਛੇ ਹੋਰ ਨੌਜਵਾਨਾਂ ਨੂੰ ਮੈਂ ਇਕੱਠੇ ਕਰ ਲਿਆ। ‘ਤੁਸੀਂ ਕੀ ਸੋਚਦੇ ਹੋ ਨਸ਼ਿਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ?’ ਮੈਂ ਉਨ੍ਹਾਂ ਨੂੰ ਪੁੱਛਿਆ। ‘ਹਰ ਕੋਈ ਇੱਕ-ਇੱਕ ਸੁਝਾਅ ਦੇਵੇਗਾ’ ਮੈਂ ਇਕੱਲੇ-ਇਕੱਲੇ ਵੱਲ ਵੇਖ ਕੇ ਉਨ੍ਹਾਂ ਨੂੰ ਸੰਬੋਧਨ ਹੋਇਆ। ਹੌਲੀ-ਹੌਲੀ ਹਰ ਕੋਈ ਆਪਣੇ-ਆਪਣੇ ਵਿਚਾਰ ਦੱਸਣ ਲੱਗਾ। ਪੇਂਡੂ ਖੇਤਰ ਦਾ ਨੌਵੀਂ ਜਮਾਤ ਦਾ ਇੱਕ ਛੋਟਾ ਜਿਹਾ ਵਿਦਿਆਰਥੀ ਆਖਰੀ ਸੀ। ਉਸ ਨੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਨੂੰ ਸਿਰ ’ਤੇ ਰੱਖਿਆ ਤੇ ਝੱਟ ਬੋਲਿਆ, ‘ਐਥੇ ਬੱਲਬ ਜਗਣਾ ਚਾਹੀਦਾ ਹੈ ਸਰ।’ ਉਸ ਦਾ ਉੱਤਰ ਮਤਾਬੀ ਰੰਗ ਵਾਂਗ ਵਿਲੱਖਣ ਸੀ।
***
2014 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬਾ ਸਰਕਾਰ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਚੋਣ ਨਤੀਜੇ ਆਉਣ ਤੋਂ ਅਗਲੇ ਦਿਨ ਤੋਂ ਹੀ ਨਸ਼ਿਆਂ ਵਿਰੁੱਧ ਛਾਪਿਆਂ ਤੇ ਗ੍ਰਿਫ਼ਤਾਰੀਆਂ ਦੀ ਜ਼ਬਰਦਸਤ ਮੁਹਿੰਮ ਸ਼ੁਰੂ ਹੋਈ। ਦਿਨ ਪ੍ਰਤੀ ਦਿਨ ਇਨ੍ਹਾਂ ਯਤਨਾਂ ਦਾ ਹਿਸਾਬ ਕਿਤਾਬ ਸ਼ੁਰੂ ਹੋਇਆ। ਜੇਲ੍ਹਾਂ ਡੱਕ ਗਈਆਂ, ਨਸ਼ੇ ਦੀ ਤੋੜ ਨਾ ਸਹਾਰਦੇ ਹੋਏ ਕਈ ਕੈਦੀਆਂ ਦੀ ਮੌਤ ਵੀ ਹੋਈ। 2017 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਮੇਂ ਸਟੇਜ ਤੋਂ ‘ਧਾਰਮਿਕ ਚਿੰਨ੍ਹ’ ਹੱਥਾਂ ਵਿੱਚ ਲੈ ਕੇ ਇੱਕ ਰਾਜਨੀਤਕ ਪਾਰਟੀ ਦੇ ਪ੍ਰਮੁੱਖ ਨੇ ਪ੍ਰਣ ਲਿਆ ਕਿ ਨਸ਼ਿਆਂ ਨੂੰ ਮਹੀਨੇ ਦੇ ਅੰਦਰ-ਅੰਦਰ ਖ਼ਤਮ ਕਰ ਦਿੱਤਾ ਜਾਵੇਗਾ। ਉਸ ਸਮੇਂ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਸਪੈਸ਼ਲ ਟਾਸਕ ਫੋਰਸ ਵੀ ਹੋਂਦ ਵਿੱਚ ਆਈ। ਲੋਕਾਂ ਨੂੰ ਸੰਬੋਧਨ ਹੁੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇੱਕ ਸਾਲ ਦੇ ਅੰਦਰ-ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ।
ਨਸ਼ਿਆਂ ਦਾ ਤੂਫ਼ਾਨ ਠੱਲ੍ਹਿਆ ਕਿਉਂ ਨਹੀਂ ਜਾ ਰਿਹਾ? ਨਸ਼ਿਆਂ ਦੀ ਰੋਕਥਾਮ ਦੇ ਤਿੰਨ ਮੂਲ ਆਧਾਰ ਮੰਨੇ ਜਾਂਦੇ ਹਨ ਸਪਲਾਈ ਲਾਈਨ ਨੂੰ ਰੋਕਣਾ, ਨਸ਼ਈ ਵਿਅਕਤੀ ਦਾ ਇਲਾਜ ਕਰਾ ਕੇ ਲੋੜ ਖਤਮ ਕਰਨੀ ਤੇ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨੀ। ਪਹਿਲੇ ਦੋਵੇਂ ਆਧਾਰ ਆਪਸ ਵਿੱਚ ਪੂਰੀ ਤਰ੍ਹਾਂ ਜੁੜੇ ਹੋਏ ਹਨ। ਇੱਕ ਪਾਸੇ ਨਸ਼ਾ ਕਰਨ ਵਾਲਿਆਂ ਦੀ ਵੱਡੀ ਭੀੜ ਹੈ ਤੇ ਦੂਜੇ ਪਾਸੇ ਨਸ਼ਾ ਤਸਕਰਾਂ ਦਾ ਮੰਝਿਆ ਹੋਇਆ ਜਾਲ਼ ਹੈ। ਇਨ੍ਹਾਂ ਹਾਲਤਾਂ ਨੂੰ ਖ਼ਪਤ ਤੇ ਸਪਲਾਈ ਦੇ ਸਿਧਾਂਤ ਨਾਲ ਵੀ ਸਮਝਿਆ ਜਾ ਸਕਦਾ ਹੈ। ਸਮਾਂ ਪਾ ਕੇ ਪੰਜਾਬ ਦੀ ਧਰਤੀ ’ਤੇ ਇਹ ਕੜੀਆਂ ਏਨੀਆਂ ਮਜ਼ਬੂਤ ਹੋ ਚੁੱਕੀਆਂ ਹਨ ਕਿ ਇਨ੍ਹਾਂ ਨੂੰ ਤੋੜਨਾ ਦਿਨੋ-ਦਿਨ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਬੰਬੀਆਂ ਤੇ ਹਵੇਲੀਆਂ, ਪ੍ਰਾਂਤ ਦੇ ਸਰਹੱਦੀ ਖੇਤਰ ਵਿੱਚ ਸਮਗਲਰਾਂ ਦੇ ਪੱਕੇ ਡੇਰੇ ਹਨ।
ਪ੍ਰਾਂਤ ਵਿੱਚ ਨਸ਼ਿਆਂ ਦੇ ਖਪਤਕਾਰਾਂ ਦੀ ਵੱਡੀ ਭੀੜ ਹੈ। ਨਸ਼ਈ ਵਿਅਕਤੀ ਪੈਸੇ ਦੀ ਲੋੜ ਪੂਰੀ ਕਰਨ ਲਈ ਲੁੱਟਾਂ-ਖੋਹਾਂ ਕਰਨ ਲੱਗਦੇ ਹਨ। ਮੋਬਾਈਲ, ਪਰਸ ਤੇ ਚੇਨਾਂ ਖੋਹਣੀਆਂ ਨਸ਼ਿਆਂ ਦੀ ਪੂਰਤੀ ਲਈ ਮੁੱਢਲੇ ਅਪਰਾਧ ਹਨ। ਪਿਛਲੇ ਵਰ੍ਹੇ ਜਲੰਧਰ ਸ਼ਹਿਰ ਵਿੱਚ ਮੇਰੀ ਤਾਇਨਾਤੀ ਸਮੇਂ, ਹਰ ਦਿਨ ਮੋਬਾਈਲ ਤੇ ਪਰਸ ਖੋਹਣ ਦੀਆਂ ਦਸ-ਪੰਦਰਾਂ ਵਾਰਦਾਤਾਂ ਨਿਰੰਤਰ ਹੋਣ ਲੱਗੀਆਂ। ਪੁਲੀਸ ਕੰਟਰੋਲ ਰੂਮ ਅਜਿਹੀਆਂ ਵਾਰਦਾਤਾਂ ਦੀਆਂ ਸੂਚਨਾਵਾਂ ਪੀ.ਸੀ.ਆਰ. ਮੋਟਰਸਾਈਕਲਾਂ ਤੇ ਪੁਲੀਸ ਪੈਟਰੋਲ ਗੱਡੀਆਂ ਨੂੰ ਵਾਇਰਲੈਸ ਰਾਹੀਂ ਤੁਰੰਤ ਪਹੁੰਚਾਉਂਦਾ, ਪਰ ਕੋਈ ਸਫਲਤਾ ਨਾ ਮਿਲਦੀ। ਦਫ਼ਤਰ ਤੇ ਹੋਰ ਥਾਵਾਂ ਤੋਂ ਫੋਰਸ ਕੱਢ ਕੇ ਜਦ ਨਾਕਿਆਂ ’ਤੇ ਪੈਟਰੋਲਿੰਗ ਦੀ ਗਿਣਤੀ ਵਧਾਈ ਜਾਂਦੀ ਤਾਂ ਅਜਿਹੀਆਂ ਵਾਰਦਾਤਾਂ ਦੀ ਗਿਣਤੀ ਘੱਟ ਜਾਂਦੀ, ਪਰ ਵਾਧੂ ਫੋਰਸ ਵਾਪਸ ਹੋਣ ਤੇ ਫੇਰ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ। ਫੇਰ ਇੱਕੋ ਸਮੇਂ ਸ਼ਹਿਰ ਦੇ ਪੱਕੇ ਨਸ਼ਈ ਤੇ ਥੋੜ੍ਹਾ-ਥੋੜ੍ਹਾ ਨਸ਼ਾ ਰੋਜ਼ਾਨਾ ਵੇਚਣ ਵਾਲੇ ਵੀਹ ਦੇ ਲਗਭਗ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਲਿਆਂਦਾ ਗਿਆ। ਉਨ੍ਹਾਂ ਵਿੱਚੋਂ ਬਹੁਤਿਆਂ ਕੋਲ ਖੋਹੇ ਗਏ ਮੋਬਾਈਲ ਫੋਨ ਤੇ ਖਾਲੀ ਪਰਸ ਬਰਾਮਦ ਹੋਏ। ਉਸ ਤੋਂ ਬਾਅਦ ਇੱਕਾ-ਦੁੱਕਾ ਘਟਨਾਵਾਂ ਹੀ ਹੋਈਆਂ। ਨਸ਼ਿਆਂ ਦੇ ਆਦੀ ਹੋਏ ਵਿਅਕਤੀ ਨਸ਼ਿਆਂ ਦੀ ਸਪਲਾਈ ਲਾਈਨ ਟੁੱਟਣ ਨਹੀਂ ਦਿੰਦੇ, ਇਵੇਂ ਉਹ ਨਸ਼ਿਆਂ ਦੀ ਰੋਕਥਾਮ ਲਈ ਵੱਡੀ ਚੁਣੌਤੀ ਹਨ।
ਦੂਜੇ ਪਾਸੇ ਬਹੁਤ ਲੋਕ ਨਸ਼ੇ ਵੇਚਣ ਨੂੰ ਧੰਦਾ ਸਮਝ ਕੇ ਕਰਦੇ ਆ ਰਹੇ ਹਨ। ਕਈ ਇਕੱਲੇ-ਇਕੱਲੇ ਵਿਅਕਤੀਆਂ ’ਤੇ ਨਸ਼ਿਆਂ ਸਬੰਧੀ ਅੱਠ-ਅੱਠ, ਦਸ-ਦਸ ਮੁਕੱਦਮੇ ਦਰਜ ਹਨ। ਕਈ ਪਰਿਵਾਰਾਂ ਦੇ ਹਰ ਮੈਂਬਰ ’ਤੇ ਨਸ਼ਿਆਂ ਸਬੰਧੀ ਪਰਚਾ ਦਰਜ ਹੈ। ਸਤਲੁਜ ਦਰਿਆ ਦੇ ਆਸੇ-ਪਾਸੇ ਵਸਦੇ ਪਿੰਡਾਂ ਦੀ ਚੋਖੀ ਗਿਣਤੀ ਨਾਜਾਇਜ਼ ਸ਼ਰਾਬ ਤੇ ਨਸ਼ਿਆਂ ਦੇ ਵਪਾਰ ਨੂੰ ਵਰ੍ਹਿਆਂ ਤੋਂ ਧੰਦਿਆਂ ਵਾਂਗ ਕਰਦੀ ਆ ਰਹੀ ਹੈ।
***
ਸੰਯੁਕਤ ਰਾਸ਼ਟਰ ਸੰਸਥਾ ਅਨੁਸਾਰ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ, ਨਸ਼ਿਆਂ ਦੀ ਰੋਕਥਾਮ ਦਾ ਪ੍ਰਮੁੱਖ ਆਧਾਰ ਹੈ। ਜਾਗ੍ਰਿਤੀ ਪੈਦਾ ਕਰਨ ਲਈ ਸਕੂਲ, ਕਾਲਜ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਪਹਿਲਾਂ ਹੀ ਸੁਚੇਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਪਰਿਪੱਕ ਕਰ ਲਿਆ ਜਾਵੇ। ਸਿਲੇਬਸ, ਵਾਰਤਾਲਾਪ, ਯੂਥ ਫੈਸਟੀਵਲ, ਮਾਰਚ, ਦੌੜਾਂ, ਰੈਲੀਆਂ ਆਦਿ ਵਿਸ਼ੇਸ਼ ਯਤਨ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨ ਲਈ ਮਹੱਤਵਪੂਰਨ ਪਲੈਟਫਾਰਮ ਹਨ। ਪਿਛਲੇ ਦਸ-ਪੰਦਰਾਂ ਵਰ੍ਹਿਆਂ ਤੋਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਦੌਰਾਨ ਨਾਟਕਾਂ, ਸਕਿੱਟਾਂ ਅਤੇ ਮੁਕਾਬਲੇ ਦੀਆਂ ਹੋਰ ਵੰਨਗੀਆਂ ਵਿੱਚ ਇਸ ਸਮੱਸਿਆ ਨੂੰ ਉਭਾਰਿਆ ਗਿਆ ਹੈ। ਨਸ਼ਿਆਂ ਵਿਰੁੱਧ ਕਈ ਉਸਾਰੂ ਵੀਡੀਓਜ਼ ਤੇ ਟੈਲੀ ਫਿਲਮਾਂ ਵੀ ਹੋਂਦ ਵਿੱਚ ਆਈਆਂ ਹਨ। ਪਰ ਸਮੱਸਿਆ ਦੇ ਅਕਾਰ ਨੂੰ ਵੇਖਦਿਆਂ ਸੰਗੀਤ, ਸਾਹਿਤ, ਕੋਮਲ ਕਲਾਵਾਂ ਤੇ ਸੋਸ਼ਲ ਮੀਡੀਆ ਰਾਹੀਂ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨ ਲਈ ਹੋਰ ਵਧੇਰੇ ਯਤਨ ਕਰਨ ਦੀ ਜ਼ਰੂਰਤ ਹੈ।
ਸਮਾਜ ਨੂੰ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ। ਪ੍ਰਾਂਤ ਦਾ ਹਰ ਨਾਗਰਿਕ ਬਣਦਾ ਟੈਕਸ ਦੇਵੇ ਤਾਂ ਜੋ ਉਹ ਪੈਸਾ ਪ੍ਰਾਂਤ ਦੇ ਵਿਕਾਸ ਲਈ ਖਰਚਿਆ ਜਾਵੇ। ਵਿੱਦਿਆ, ਸਿਹਤ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਨਸ਼ਿਆਂ ਦੀ ਰੋਕਥਾਮ ਲਈ ਸਾਰਥਕ ਯਤਨ ਹੋਣਗੇ। ਨਜਾਇਜ਼ ਢੰਗਾਂ ਰਾਹੀਂ ਕੁੱਝ ਕੁ ਹੱਥਾਂ ਵਿੱਚ ਇਕੱਠਾ ਹੋਇਆ ਧਨ, ਨਸ਼ਿਆਂ ਦੇ ਪਸਾਰ ਲਈ ਅਨੁਕੂਲ ਹਾਲਾਤ ਸਿਰਜਦਾ ਹੈ। ਨਸ਼ਿਆਂ ਦੀ ਰੋਕਥਾਮ ਲਈ ਪੰਜਾਬੀਆਂ ਨੂੰ ਖੇਡਾਂ, ਸਾਹਿਤ, ਕਿਰਤ, ਵਿਰਸੇ ਅਤੇ ਸਿਹਤਬੱਧ ਜੀਵਨ ਜਾਚ ਵੱਲ ਮੁੜਨਾ ਚਾਹੀਦਾ ਹੈ। ਨਸ਼ਿਆਂ ਵਿਰੁੱਧ ਉੱਚੀ ਆਵਾਜ਼ ਵਿੱਚ ਸੁਨੇਹਾ ਦੇਣ ਲਈ ਵਰ੍ਹਾ 2024 ‘ਨਸ਼ਿਆਂ ਵਿਰੁੱਧ ਵਰ੍ਹੇ’ ਦੇ ਤੌਰ ’ਤੇ ਐਲਾਨਿਆ ਜਾਵੇ। ਇਸ ਸਾਲ ਦੌਰਾਨ ਮੁੱਖ ਮੰਤਰੀ ਤੇ ਮੰਤਰੀ ਜਦੋਂ ਵੀ ਪੰਜਾਬ ਦਾ ਦੌਰਾ ਕਰਨ, ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਰੈਲੀਆਂ, ਸਮਾਗਮਾਂ ਅਤੇ ਛੋਟੇ-ਛੋਟੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਸਾਰਥਕ ਸੁਨੇਹਾ ਦਿੱਤਾ ਜਾਵੇ। ਸਿਵਲ ਤੇ ਪੁਲੀਸ ਪ੍ਰਸ਼ਾਸਨ, ਸਿਹਤ ਸੇਵਾਵਾਂ, ਸਮਾਜਿਕ ਭਲਾਈ ਅਤੇ ਖੇਡਾਂ ਤੇ ਯੁਵਕ ਭਲਾਈ ਮਹਿਕਮਿਆਂ ਵੱਲੋਂ ਵਿਸ਼ੇਸ਼ ਰੋਲ ਨਿਭਾਇਆ ਜਾਵੇ। ਸਕੂਲਾਂ, ਕਾਲਜਾਂ, ਹਰ ਮਹਿਕਮੇ ਤੇ ਅਰਧ ਸਰਕਾਰੀ ਅਦਾਰਿਆਂ ਦੁਆਰਾ ਪੂਰਾ ਵਰ੍ਹਾ ਆਪਣੇ ਪ੍ਰੋਗਰਾਮਾਂ ਵਿੱਚ ਨਸ਼ਿਆਂ ਵਿਰੁੱਧ ਯਤਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਨਸ਼ਿਆਂ ਵਿਰੁੱਧ ਭਰਵਾਂ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਸੰਪਰਕ: 98158-00405