ਇਨਸਾਫਪਸੰਦ ਲੋਕਾਂ ਵੱਲੋਂ ਮਹਿਤਪੁਰ ਥਾਣੇ ਦਾ ਘਿਰਾਓ
ਹਤਿੰਦਰ ਮਹਿਤਾ
ਜਲੰਧਰ, 8 ਅਕਤੂਬਰ
ਮਹਿਤਪੁਰ ਥਾਣੇ ਦੀ ਕਾਰਗੁਜ਼ਾਰੀ ਤੋਂ ਦੁਖੀ ਲੋਕਾਂ ਨੇ ਇਲਾਕੇ ਵਿੱਚ ਵੱਧ ਰਹੇ ਨਸ਼ਿਆਂ, ਲੁੱਟਾਂਖੋਹਾਂ, ਲੰਮੇ ਸਮੇਂ ਤੋਂ ਥਾਣੇ ਵਿੱਚ ਲਟਕਦੇ ਮਾਮਲਿਆਂ, ਔਰਤਾਂ ਨਾਲ ਮਾਈਕਰੋ ਫਾਇਨਾਂਸ ਦੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਨੱਥ ਪਾਉਣ ਵਿੱਚ ਢਿੱਲ ਮੱਠ ਵਰਤ ਰਹੀ ਮਹਿਤਪੁਰ ਪੁਲੀਸ ਵਿਰੁੱਧ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਹਿਰ ਵਿੱਚ ਮੁਜ਼ਾਹਰਾ ਕਰਦਿਆਂ ਮਹਿਤਪੁਰ ਥਾਣੇ ਦਾ ਘਿਰਾਓ ਕੀਤਾ। ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਦੋਸ਼ ਲਾਇਆ ਕਿ ਨਸ਼ਿਆਂ, ਲੁੱਟਾਂ-ਖੋਹਾਂ, ਲੈਂਡ ਮਾਫੀਆ, ਏਜੰਟਾਂ ਅਤੇ ਮਾਈਕਰੋ ਫਾਇਨਾਂਸ ਦੇ ਏਜੰਟਾਂ ਦੀ ਗੁੰਡਾਗਰਦੀ ਦੇ ਸ਼ਿਕਾਰ ਪੀੜਤ ਲੋਕਾਂ ਦੀਆਂ ਦਰਖ਼ਾਸਤਾਂ ਪਿਛਲੇ ਇੱਕ ਸਾਲ ਤੋਂ ਮਹਿਤਪੁਰ ਥਾਣੇ ’ਚ ਪੈਂਡਿੰਗ ਪਈਆਂ ਹਨ। ਐੱਸਐੱਸਪੀ ਜਲੰਧਰ ਦੇ ਹੁਕਮਾਂ ਦੇ ਬਾਵਜੂਦ ਮਹਿਤਪੁਰ ਥਾਣੇ ਦੀ ਪੁਲੀਸ ਕਾਨੂੰਨ ਮੁਤਾਬਕ ਕੰਮ ਕਰਨ ਲਈ ਤਿਆਰ ਨਹੀਂ, ਕਿਉਂਕਿ ਇਨ੍ਹਾਂ ਦੀ ਪੁਸ਼ਤ ਪਨਾਹੀ ਭ੍ਰਿਸ਼ਟ ਸਿਆਸੀ ਆਗੂ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ -ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਸੰਤੋਖ ਸਿੰਘ ਸੰਧੂ, ਰਜਿੰਦਰ ਮੰਡ, ਗੁਰ ਕਮਲ ਸਿੰਘ, ਬੀਬੀ ਸੁਰਜੀਤ ਕੌਰ ਮਾਨ,ਗੁਰਨਾਮ ਸਿੰਘ ਤੱਗੜ, ਮੱਖਣ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸਰਾਜ ਪਬਵਾ, ਕਸ਼ਮੀਰ ਮੰਡਿਆਲਾ, ਵਿਜੇ ਬਾਠ, ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ, ਸੋਮਾ ਰਾਣੀ, ਰਾਜਵਿੰਦਰ ਕੌਰ, ਜਸਵਿੰਦਰ ਮੈਸਮਪੁਰ, ਬਖਸ਼ੋ ਰਾਣੀ ਮੰਡਿਆਲਾ ਨੇ ਸੰਬੋਧਨ ਕੀਤਾ।