ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਵਿੱਚ ਵਿਰੋਧੀਆਂ ਨੂੰ ਕਰਾਰ ਜਵਾਬ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਫਰਵਰੀ
ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਪਾਰਟੀ ਹਾਈ ਕਮਾਨ ਨੂੰ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ। ਦੂਜੇ ਪਾਸੇ ਨਵਜੋਤ ਸਿੱਧੂ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਆਪਣੇ ਸਿਆਸੀ ਵਿਰੋਧੀਆਂ ’ਤੇ ਹਮਲਾ ਕੀਤਾ ਹੈ। ਸਿੱਧੂ ਨੇ ਪੋਸਟ ਸਾਂਝੀ ਕਰਦਿਆਂ ਆਖਿਆ, ‘‘ਅਪਨੇ ਖ਼ਿਲਾਫ਼ ਬਾਤੇਂ ਮੈਂ ਅਕਸਰ ਖਾਮੋਸ਼ੀ ਸੇ ਸੁਨ ਲੇਤਾ ਹੂੰ... ਜਵਾਬ ਦੇਨੇ ਕਾ ਹੱਕ, ਮੈਨੇ ਵਕਤ ਕੋ ਦੇ ਰੱਖਾ ਹੈ।’’ ਇਸ ਤੋਂ ਪਹਿਲਾਂ ਵੀ ਸਿੱਧੂ ਦੋ ਵਾਰ ਇਸੇ ਅੰਦਾਜ਼ ਵਿੱਚ ਵਿਰੋਧੀਆਂ ’ਤੇ ਵਾਰ ਕਰ ਚੁੱਕੇ ਹਨ ਪਰ ਅਗਾਮੀ ਦਿਨਾਂ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਪੰਜਾਬ ਆ ਰਹੇ ਹਨ ਅਤੇ ਅਜਿਹੇ ਵਿਚ ਨਵਜੋਤ ਸਿੱਧੂ ਦੀ ਸ਼ਾਇਰਾਨਾ ਟਿੱਪਣੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਵੱਲੋਂ 11 ਫਰਵਰੀ ਨੂੰ ਸਮਰਾਲਾ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਸਾਰੇ ਪਾਰਟੀ ਆਗੂਆਂ ਦੀ ਮੀਟਿੰਗ ਸੱਦੀ ਸੀ ਜਿਸ ਵਿੱਚੋਂ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕ ਗ਼ੈਰਹਾਜ਼ਰ ਰਹੇ ਸਨ। ਇਸੇ ਸ਼ਾਮਲ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨਾਲ ਪਾਰਟੀ ਦੇ ਤਿੰਨ ਸਾਬਕਾ ਮੁਖੀ ਮੌਜੂਦ ਸਨ। ਇਸ ਤਸਵੀਰ ਨਾਲ ਸਿੱਧੂ ਨੇ ਲਿਖਿਆ ਸੀ, ‘ਰਾਜਨੀਤੀ ਦੇ ਤਾਜ਼ਾ ਹਾਲਾਤ ’ਤੇ ਚਰਚਾ ਕਰਦੇ ਹੋਏ।’ ਇਹ ਤਸਵੀਰ ਵਾਇਰਲ ਹੋਣ ਮਗਰੋਂ ਕਾਂਗਰਸੀ ਆਗੂਆਂ ਨੇ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਪਾਰਟੀ ਹਾਈ ਕਮਾਨ ਨੂੰ ਭੇਜੀ ਹੈ।