ਸਿੱਧੂ ਨੇ ਵਰਕਰਾਂ ਦਾ ਧੰਨਵਾਦ ਕੀਤਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 5 ਜੂਨ
ਲੋਕ ਸਭਾ ਚੋਣਾਂ ਲਈ ਕੱਲ੍ਹ ਆਏ ਚੋਣ ਨਤੀਜਿਆਂ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਹਾਰਨ ਦੇ ਬਾਵਜੂਦ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਚੋਣ ਮੁਹਿੰਮ ਦੌਰਾਨ ਸਾਥ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਸ੍ਰੀ ਸਿੱਧੂ ਨੇ ਵਰਕਰਾਂ ਦੀ ਇੱਕ ਆਵਾਜ਼ ’ਤੇ ਉਨ੍ਹਾਂ ਨਾਲ ਖੜ੍ਹਨ ਦਾ ਵਾਅਦਾ ਵੀ ਕੀਤਾ।
ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਤੋਂ ਪਾਈ ਪੋਸਟ ਰਾਹੀਂ ਸ੍ਰੀ ਸਿੱਧੂ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਚੋਣ ਨਤੀਜੇ ਹੈਰਾਨੀਜਨਕ ਹਨ। ਇਨ੍ਹਾਂ ਨਤੀਜਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ ਜਾਵੇਗੀ। ਉਨ੍ਹਾਂ ਭਾਵੇਂ ਇੱਥੋਂ ਸਫਲਤਾ ਨਹੀਂ ਮਿਲ ਸਕੀ ਪਰ ਸਕੂਨ ਇਸ ਗੱਲ ਦਾ ਹੈ ਕਿ ਵਰਕਰਾਂ ਦੇ ਸਾਥ ਸਦਕਾ ਲੋਕ ਸਭਾ ਹਲਕਾ ਬਠਿੰਡਾ ਦੀ ਚੋਣ ਲੜਾਈ ਬਹੁਤ ਵਧੀਆ ਤਰੀਕੇ ਨਾਲ ਲੜੀ ਗਈ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਆਦਤ ਹੈ ਕਿ ਜੋ ਬੰਦਾ ਉਨ੍ਹਾਂ ਨਾਲ ਕਦੇ ਵੀ ਕਿਸੇ ਵੀ ਵੇਲੇ ਸਾਥ ਦੇਣ ਲਈ ਖੜ੍ਹਾ ਹੋਇਆ ਹੈ, ਲੋੜ ਪੈਣ ’ਤੇ ਉਹ ਪੂਰੀ ਧਿਰ ਵਾਂਗ ਉਸ ਦੇ ਨਾਲ ਖੜ੍ਹਦੇ ਰਹੇ ਹਨ। ਇਸ ਦੀ ਗਵਾਹੀ ਹਲਕਾ ਤਲਵੰਡੀ ਸਾਬੋ ਅਤੇ ਮੌੜ ਦੇ ਉਨ੍ਹਾਂ ਦੇ ਪੁਰਾਣੇ ਸਾਥੀ ਵੀ ਭਰਦੇ ਹਨ। ਸ੍ਰੀ ਸਿੱਧੂ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਚੋਣ ਮੁਹਿੰਮ ’ਚ ਹਰ ਪੱਖੋਂ ਸਾਥ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਜਦੋਂ ਕਦੇ ਵੀ ਲੋੜ ਪਈ ਤਾਂ ਵਰਕਰਾਂ ਦੀ ਇੱਕ ਆਵਾਜ਼ ’ਤੇ ਉਹ ਉਨ੍ਹਾਂ ਦੇ ਨਾਲ ਆ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਨਤੀਜੇ ਭਾਵੇਂ ਜੋ ਵੀ ਆਏ ਪਰ ਮੁੱਦਿਆਂ ਦੇ ਆਧਾਰ ਸਿਆਸੀ ਲੜਾਈ ਵਰਕਰਾਂ ਦੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ।