For the best experience, open
https://m.punjabitribuneonline.com
on your mobile browser.
Advertisement

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜੋਤਸ਼ੀਆਂ ਦੀ ਭਵਿੱਖਬਾਣੀ ਝੂਠੀ ਕਰਾਰ

07:44 AM Oct 11, 2024 IST
ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜੋਤਸ਼ੀਆਂ ਦੀ ਭਵਿੱਖਬਾਣੀ ਝੂਠੀ ਕਰਾਰ
ਬਲਕੌਰ ਸਿੰਘ ਸਿੱਧੂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਨਿੱਜੀ ਚੈਨਲ ਦੇ ਸ਼ੋਅ ਦੌਰਾਨ ਸਿੱਧੂ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ ਦੇ ਦਾਅਵੇ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਭਵਿੱਖਬਾਣੀਆਂ ਕੁਝ ਲੋਕਾਂ ਵੱਲੋਂ ਪ੍ਰਸਿੱਧੀਆਂ ਹਾਸਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜੇ ਜੋਤਸ਼ੀ ਕੋਲ ਕੋਈ ਸਬੂਤ ਹੁੰਦਾ ਤਾਂ ਉਹ ਮੌਤ ਤੋਂ ਤੁਰੰਤ ਬਾਅਦ ਇਸ ਬਾਰੇ ਦੱਸਦਾ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਅਤੇ ਸਿਆਸਤਦਾਨਾਂ ਦੀ ਸਾਜ਼ਿਸ਼ ਹੈ ਕਿਉਂਕਿ ਕੁਝ ਲੋਕਾਂ ਤੋਂ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਵੀ ਲਗਾਤਾਰ ਬਣੀ ਉਸ ਦੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ। ਕੁਝ ਲੋਕ ਸਿੱਧੂ ਮੂਸੇਵਾਲਾ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਸਿੱਧੂ ਮੂਸੇਵਾਲਾ ਦਾ ਦੋਸਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਫਰਾਡ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਉਸ ਵਿਅਕਤੀ ਵੱਲੋਂ ਸਿੱਧੂ ਮੂਸੇਵਾਲਾ ਦਾ ਪਾਸਪੋਰਟ ਵੋਟਾਂ ਸਮੇਂ ਗੁੰਮ ਹੋਣ ਦੀ ਗੱਲ ਕਹੀ ਗਈ, ਪ੍ਰੰਤੂ ਵੋਟਾਂ ਵੇਲੇ ਨਾਮਜ਼ਦਗੀ ਪੱਤਰ ਭਰਨ ਸਮੇਂ ਉਹ ਨਾਲ ਨੱਥੀ ਕੀਤਾ ਗਿਆ ਸੀ। ਉਸ ਵੱਲੋਂ ਦੱਸਿਆ ਗਿਆ ਕਿ ਉਸ ਤੋਂ ਫੋਨ ਖੋਹਿਆ ਗਿਆ ਪਰ ਇਹ ਵੀ ਸਾਜ਼ਿਸ਼ ਸੀ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਦੋਸਤ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਸਗੋਂ ਉਹ ਵਪਾਰੀ ਵਰਗ ਵਿੱਚ ਆਉਂਦਾ ਹੈ, ਜੋ ਪੈਸੇ ਕਮਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਉਸ ਨੇ ਕਿਤਾਬ ਲਿਖਣੀ ਹੈ ਤਾਂ ਉਹ ਪੰਜਾਬ ਦੇ ਅਹਿਮ ਮਸਲਿਆਂ ਬੇਰੁਜ਼ਗਾਰੀ, ਰਾਜਨੀਤੀ ਅਤੇ ਸੂਬੇ ਦੇ ਘਟਦੇ ਜਾ ਰਹੇ ਮਿਆਰ ’ਤੇ ਲਿਖੇ। ਉਨ੍ਹਾਂ ਕਿਹਾ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਹੀ ਕਿਉਂ ਚੁਣਿਆ। ਉਨ੍ਹਾਂ ਕਿਹਾ ਕਿ ਉਹ ਪੁਸਤਕ ਲਿਖਣ ਵਾਲੇ ਵਿਅਕਤੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਹਰ ਐਤਵਾਰ ਨੂੰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੁੰਦੇ ਸਨ। ਇੱਕ ਵਿਅਕਤੀ ਨੇ ਉਨ੍ਹਾਂ ਦੇ ਭਾਸ਼ਣਾਂ ’ਚ ਦਿੱਤੇ ਬਿਆਨਾਂ ਨੂੰ ਤੋੜ ਮਰੋੜ ਕੇ ਕਿਤਾਬ ਲਿਖੀ ਸੀ ਜਦੋਂ ਕਿ ਉਹ ਹੁਣ ਜਨਤਕ ਤੌਰ ’ਤੇ ਇਸ ਬਾਰੇ ਕੁਝ ਵੀ ਨਹੀਂ ਕਹਿੰਦਾ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤ ਨੇ ਆਪਣੀ ਮੌਤ ਤੋਂ ਪਹਿਲਾਂ 8-10 ਪੋਡਕਾਸਟ ਅਤੇ ਇੰਟਰਵਿਊ ਦਿੱਤੇ ਸਨ, ਜਿਸ ਵਿਚ ਉਸ ਨੇ ਆਪਣੇ ਸਾਰੇ ਵਿਚਾਰ ਪ੍ਰਗਟ ਕੀਤੇ ਸਨ। ਹੁਣ ਲੋਕ ਪੈਸੇ ਲਈ ਉਸ ਦੇ ਪੁੱਤ ਦੀ ਮੌਤ ਨੂੰ ਵੇਚ ਰਹੇ ਹਨ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

Advertisement

Advertisement
Advertisement
Author Image

sukhwinder singh

View all posts

Advertisement