ਸਿਧਾਂਤ ਚਤੁਰਵੇਦੀ ਨੇ ਨਿੱਕੇ ਪ੍ਰਸ਼ੰਸਕ ਦੀ ਵੀਡੀਓ ਸਾਂਝੀ ਕੀਤੀ
ਮੁੰਬਈ:
ਅਦਾਕਾਰ ਸਿਧਾਂਤ ਚਤੁਰਵੇਦੀ ਨੇ ਆਪਣੇ ਇਕ ਨਿੱਕੇ ਪ੍ਰਸ਼ੰਸਕ ਦੀ ਵੀਡੀਓ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਸਾਂਝੀ ਕਰਦਿਆਂ ਸਿਧਾਂਤ ਨੇ ਲਿਖਿਆ, ‘‘ਮੇਰੀ ਕਾਰਬਨ ਕਾਪੀ ਆਪਣੇ ਪ੍ਰਸ਼ੰਸਕਾਂ ਤੇ ਚਾਹੁਣ ਵਾਲਿਆਂ ਨੂੰ ਖੁਸ਼ ਕਰ ਰਿਹਾ ਹੈ।’’ ‘ਗੱਲੀ ਬੁਆਏ’ ਤੇ ‘ਬੰਟੀ ਔਰ ਬਬਲੀ-2’ ’ਚ ਸ਼ਾਨਦਾਰ ਅਦਾਕਾਰੀ ਕਰਨ ਵਾਲੇ ਸਿਧਾਂਤ ਨੇ ਜਿਸ ਬੱਚੇ ਦੀ ਵੀਡੀਓ ਸਾਂਝੀ ਕੀਤੀ ਹੈ, ਉਸ ਨੇ ਸਿਧਾਂਤ ਵਾਂਗ ਕੱਪੜੇ ਪਹਿਨੇ ਹੋਏ ਹਨ ਤੇ ਉਸ ਦੇ ਡਾਂਸ ਸਟੈੱਪ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡੀਓ ’ਤੇ ਟਿੱਪਣੀ ਕਰਦਿਆਂ ਸਿਧਾਂਤ ਨੇ ਲਿਖਿਆ, ‘‘ਛੋਟਾ ਕਾਰਬਨ ਕਾਪੀ।’’ ਦੱਸਣਯੋਗ ਹੈ ਕਿ ਸਿਧਾਂਤ ਨੇ ਆਪਣੀ ਕਮਾਲ ਦੀ ਅਦਾਕਾਰੀ ਤੇ ਮਨਮੋਹਕ ਸ਼ਖ਼ਸੀਅਤ ਨਾਲ ਬੜੀ ਛੇਤੀ ਮਕਬੂਲੀਅਤ ਹਾਸਲ ਕੀਤੀ ਹੈ। ਮੱਧਵਰਗੀ ਪਰਿਵਾਰ ਦੇ ਲੜਕੇ ਤੋਂ ਬੌਲੀਵੁੱਡ ਦੇ ਸਟਾਰ ਅਦਾਕਾਰ ਵਜੋਂ ਸਿਧਾਂਤ ਦਾ ਇਹ ਸਫ਼ਰ ਕਾਫੀ ਪ੍ਰੇਰਨਾਦਾਇਕ ਹੈ। ਸਿਧਾਂਤ ਕੋਲ ਕਈ ਦਿਲਚਸਪ ਪ੍ਰਾਜੈਕਟ ਹਨ, ਜਿਨ੍ਹਾਂ ਵਿੱਚ ਫ਼ਿਲਮ ‘ਯੁਧਰਾ’ ਵੀ ਸ਼ਾਮਲ ਹੈ। ਸਿਧਾਂਤ ਨੇ ਹਾਲ ਹੀ ਵਿੱਚ ਲੱਦਾਖ਼ ਵਿੱਚ ਛੁੱਟੀਆਂ ਮਨਾਉਂਦੇ ਹੋਏ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਸਿਧਾਂਤ ਚਤੁਰਵੇਦੀ ਨੂੰ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨਾਲ ਵੀ ਅਕਸਰ ਦੇਖਿਆ ਜਾਂਦਾ ਹੈ। -ਆਈਏਐੱਨਐੱਸ