ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਲਕੋਟੀ ਸ਼ੈਲੀ ਦਾ ਲੋਕ ਗਾਇਕ ਬਾਬਾ ਸੁਦਾਗਰ ਰਾਮ

12:03 PM Sep 21, 2024 IST

ਹਰਦਿਆਲ ਸਿੰਘ ਥੂਹੀ

ਦੇਸ਼ ਦੀ ਵੰਡ ਸਮੇਂ ਸਭ ਤੋਂ ਵੱਧ ਮਾਰ ਪੰਜਾਬੀਆਂ ਨੂੰ ਝੱਲਣੀ ਪਈ। ਲੱਖਾਂ ਜਾਨਾਂ ਇਸ ਵੰਡ ਦੀ ਭੇਟ ਚੜ੍ਹ ਗਈਆਂ। ਲੱਖਾਂ ਲੋਕ ਆਪਣਾ ਸਭ ਕੁਝ ਛੱਡ ਛੁਡਾ ਕੇ ਏਧਰੋਂ ਓਧਰ ਗਏ ਅਤੇ ਓਧਰੋਂ ਏਧਰ ਆਏ। ਏਧਰਲੇ ਲੋਕਾਂ ਨਾਲ ਆਪਣੀ ਸਥਾਨਕ ਬੋਲੀ ਤੇ ਸੱਭਿਆਚਾਰ ਵੀ ਓਧਰ ਗਿਆ ਅਤੇ ਓਧਰ ਤੋਂ ਆਇਆਂ ਨਾਲ ਏਧਰ ਆਇਆ। ਇਸੇ ਤਰ੍ਹਾਂ ਲੋਕ ਗਾਇਕੀ ਦੀ ਵੰਨਗੀ ‘ਤੂੰਬੇ ਅਲਗੋਜ਼ੇ ਦੀ ਗਾਇਕੀ’ ਨਾਲ ਸਬੰਧਤ ਕਲਾਕਾਰਾਂ ਦੇ ਤਬਾਦਲੇ ਨਾਲ ਇਸ ਗਾਇਨ ਸ਼ੈਲੀ ਦਾ ਵੀ ਤਬਾਦਲਾ ਹੋ ਗਿਆ। ਲੁਧਿਆਣਾ ਸ਼ੈਲੀ ਨਾਲ ਸਬੰਧਤ ਬਹੁਤ ਸਾਰੇ ਗਾਇਕ ਓਧਰ ਚਲੇ ਗਏ ਅਤੇ ਸਿਆਲਕੋਟੀ ਸ਼ੈਲੀ ਨਾਲ ਸਬੰਧਤ ਬਹੁਤ ਸਾਰੇ ਗਾਇਕ ਏਧਰ ਆ ਗਏ। ਲੁਧਿਆਣਾ ਸ਼ੈਲੀ ਦੀ ਪ੍ਰਤੀਨਿਧਤਾ ਮੁਹੰਮਦ ਸਦੀਕ ਔੜੀਆ ਕਰਦਾ ਸੀ ਅਤੇ ਸਿਆਲਕੋਟੀ ਸ਼ੈਲੀ ਦੀ ਨਵਾਬ ਘੁਮਾਰ ਅਨਾਇਤਕੋਟੀਆ। ਓਧਰੋਂ ਆਇਆਂ ਵਿੱਚੋਂ ਹੀ ਇੱਕ ਜਾਣਿਆ ਪਛਾਣਿਆ ਨਾਂ ਸੀ ਬਾਬਾ ਸੁਦਾਗਰ ਰਾਮ।
ਸੁਦਾਗਰ ਰਾਮ ਦਾ ਜਨਮ ਬਾਜ਼ੀਗਰ ਬਰਾਦਰੀ ਵਿੱਚ ਪਿਤਾ ਲਾਖਾ ਰਾਮ ਦੇ ਘਰ ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਨੈਣ ਰਾਂਝਿਆਂ ਦੀ ਵਿਖੇ 1923-24 ਦੇ ਦਰਮਿਆਨ ਹੋਇਆ। ਇਨ੍ਹਾਂ ਦਾ ਗੋਤ ਮਛਾਲ ਹੈ ਅਤੇ ਇਹ ‘ਜਮਸ਼ੇਰ ਕੇ’ ਸਦਾਉਂਦੇ ਹਨ। ਅੱਜਕੱਲ੍ਹ ਇਹ ਪਿੰਡ ਪਾਕਿਸਤਾਨ ਵਿੱਚ ਹੈ। ਸੁਦਾਗਰ ਰਾਮ ਦੇ ਮਨ ਵਿੱਚ ਸੰਗੀਤ ਪ੍ਰਤੀ ਰੁਚੀ ਘਰ ਦੇ ਮਾਹੌਲ ਸਦਕਾ ਹੀ ਪੈਦਾ ਹੋਈ। ਪਿਛਲੀਆਂ ਛੇ ਪੀੜ੍ਹੀਆਂ ਤੋਂ ਉਸ ਦਾ ਪਰਿਵਾਰ ਸੰਗੀਤ ਦੇ ਕਿਸੇ ਨਾ ਕਿਸੇ ਰੂਪ ਨਾਲ ਜੁੜਿਆ ਰਿਹਾ ਹੈ। ਭਾਵੇਂ ਘਰ ਤੋਂ ਹੀ ਉਸ ਨੂੰ ਸੰਗੀਤ ਦੀ ਸਿੱਖਿਆ ਮਿਲਦੀ ਰਹੀ ਪਰ ਤਾਂ ਵੀ ਇਸ ਕਲਾ ਦੀਆਂ ਗੁੱਝੀਆਂ ਗੰਢਾਂ ਨੂੰ ਖੋਲ੍ਹਣ ਲਈ ਉਸ ਨੂੰ ਕਿਸੇ ਕਾਮਲ ਮੁਰਸ਼ਦ ਦੀ ਲੋੜ ਮਹਿਸੂਸ ਹੋਈ। ਇਸ ਲਈ ਉਸ ਨੇ ਉਸ ਸਮੇਂ ਦੇ ਪ੍ਰਸਿੱਧ ਗਵੱਈਏ ਫੌਜੂ ਸਾਂਹਸੀ ਨੂੰ ਆਪਣਾ ਗੁਰੂ ਧਾਰਿਆ। ਕਾਫ਼ੀ ਸਮਾਂ ਗੁਰੂ ਦੀ ਛਤਰ ਛਾਇਆ ਹੇਠ ਖ਼ੂਬ ਮਿਹਨਤ ਕੀਤੀ। ਦ੍ਰਿੜ ਇਰਾਦੇ ਤੇ ਲਗਨ ਨਾਲ ਕੀਤੀ ਉਸ ਦੀ ਮਿਹਨਤ ਰੰਗ ਲਿਆਈ। ਉਸ ਦੇ ਏਨਾ ‘ਗੌਣ’ ਯਾਦ ਹੋ ਗਿਆ ਜੋ ਮਹੀਨਿਆਂ ਬੱਧੀ ਲਗਾਤਾਰ ਗਾਏ ਤੋਂ ਵੀ ਨਹੀਂ ਸੀ ਮੁੱਕਦਾ।
ਬਾਅਦ ਵਿੱਚ ਸੁਦਾਗਰ ਰਾਮ ਨੇ ਨਵਾਬ ਘੁਮਾਰ ਅਨਾਇਤ ਕੋਟੀਏ ਤੋਂ ਵੀ ਇਸ ਕਲਾ ਦੀ ਸਿੱਖਿਆ ਪ੍ਰਾਪਤ ਕੀਤੀ ਪ੍ਰੰਤੂ ਇਹ ਲੰਮਾ ਸਮਾਂ ਉਨ੍ਹਾਂ ਦੀ ਸੰਗਤ ਵਿੱਚ ਨਾ ਰਹਿ ਸਕਿਆ ਕਿਉਂਕਿ ਥੋੜ੍ਹੇ ਸਮੇਂ ਬਾਅਦ ਹੀ ਦੇਸ਼ ਦੀ ਵੰਡ ਹੋ ਗਈ ਅਤੇ ਸੁਦਾਗਰ ਰਾਮ ਨੂੰ ਮਜਬੂਰੀ ਵਸ ਆਪਣੀ ਜਨਮ ਭੂਮੀ ਛੱਡ ਕੇ ਏਧਰ ਆਉਣਾ ਪਿਆ। ਸਭ ਕੁਝ ਛੱਡ ਛੁਡਾ ਕੇ ਰੁਲਦੇ ਖੁਲਦੇ ਏਧਰ ਕੈਂਪਾਂ ਵਿੱਚ ਰਹੇ। ਕਈ ਥਾਂ ਘੁੰਮ ਘੁਮਾ ਕੇ ਅਖੀਰ ਕੁਰੂਕਸ਼ੇਤਰ ਜ਼ਿਲ੍ਹੇ ਦੀ ਸ਼ਾਹਬਾਦ ਤਹਿਸੀਲ ਦੇ ਪਿੰਡ ਜੈਨਪੁਰ ਵਿਖੇ ਟਿਕਾਣਾ ਮਿਲਿਆ। ਇਹ ਪਿੰਡ ਅੱਜਕੱਲ੍ਹ ਹਰਿਆਣਾ ਵਿੱਚ ਹੈ।
ਬਾਬਾ ਸੁਦਾਗਰ ਰਾਮ ਨੂੰ ਮੈਂ ਪਹਿਲੀ ਵਾਰ 1999 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਲੋਕ ਸੰਗੀਤ ਮੇਲੇ’ ਦੌਰਾਨ ਮਿਲਿਆ ਸੀ। ਏਥੇ ਹੀ ਮੈਂ ਉਸ ਨਾਲ ਮੁਲਾਕਾਤ ਕਰਕੇ ਉਸ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਹ ਖ਼ੁਦ ‘ਕਿੰਗ’ ਵਜਾ ਕੇ ਗਾਉਂਦਾ ਸੀ। ‘ਕਿੰਗ’ ਦੋਤਾਰੇ ਤੂੰਬੇ ਤੋਂ ਛੋਟੀ ਹੁੰਦੀ ਹੈ ਅਤੇ ਤੂੰਬੀ ਤੋਂ ਵੱਡੀ ਹੁੰਦੀ ਹੈ। ਨਵਾਬ ਘੁਮਾਰ ਵਾਂਗ ਉਹ ਇਕੱਲਾ ਹੀ ਗਾਉਂਦਾ ਸੀ ਤੇ ਬਾਕੀ ਸਾਥੀ ਕੇਵਲ ਸਾਜ਼ਾਂ ’ਤੇ ਸਾਥ ਦਿੰਦੇ ਸਨ। ਉਸ ਦੇ ਸਾਥੀਆਂ ਵਿੱਚ ਉਸ ਦੇ ਚਾਚੇ ਦਾ ਪੁੱਤ ਭਗਤ ਰਾਮ ਢੋਲਕ, ਭਤੀਜਾ ਚਾਂਦੀ ਰਾਮ ਚਿਮਟਾ ਵਜਾਉਂਦਾ ਸੀ। ਕਈ ਵਾਰ ਉਸ ਦਾ ਆਪਣਾ ਮੁੰਡਾ ਅਮਰਜੀਤ ਚਮਕ ਵੀ ਢੋਲਕ ’ਤੇ ਸਾਥ ਦਿੰਦਾ ਸੀ।
ਬਾਬਾ ਸੁਦਾਗਰ ਰਾਮ ਵੱਲੋਂ ਮਿਰਜ਼ਾ, ਦਹੂਦ ਬਾਦਸ਼ਾਹ, ਢੋਲ ਸੰਮੀ, ਸੱਸੀ, ਹੀਰ, ਪੂਰਨ, ਦੁੱਲਾ ਭੱਟੀ, ਜੈਮਲ ਫੱਤਾ, ਵੀਰ ਜੋਧ, ਰਾਜਾ ਰਸਾਲੂ, ਸੈਫ ਮਲੂਕ, ਪੀਰ ਮੁਰਾਦੀਆ ਆਦਿ ਅਨੇਕਾਂ ਲੋਕ ਗਾਥਾਵਾਂ ਅਖਾੜਿਆਂ ਵਿੱਚ ਗਾਈਆਂ ਜਾਂਦੀਆਂ ਸਨ। ਲੋਕ ਗਾਥਾਵਾਂ ਤੋਂ ਇਲਾਵਾ ਉਹ ਲੋਕ ਗੀਤ ਵੰਨਗੀਆਂ, ਟੱਪੇ, ਮਾਹੀਆ, ਢੋਲੇ ਆਦਿ ਵੀ ਗਾਉਂਦਾ ਸੀ। ਉਸ ਦੇ ਅੰਦਰ ਹਰ ਵਿਸ਼ੇ ਦਾ ਭੰਡਾਰ ਸਮਾਇਆ ਪਿਆ ਸੀ। ਉਹ ਪੁਖਤਾ ਗਾਇਕ ਸੀ। ਉਸ ਦੀ ਸਰੋਦੀ ਅਤੇ ਸੁਰੀਲੀ ਆਵਾਜ਼ ਘੰਟਿਆਂ ਬੱਧੀ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਣ ਦੇ ਸਮਰੱਥ ਸੀ। ਉਹ ਬਜ਼ੁਰਗ ਪੀੜ੍ਹੀ ਦਾ ਹਰਮਨ ਪਿਆਰਾ ਤੇ ਸਤਿਕਾਰਯੋਗ ਗਾਇਕ ਸੀ। ਇਸ ਦੇ ਨਾਲ ਹੀ ਉਸ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਖਿੱਚਣ ਦਾ ਵੱਲ ਆਉਂਦਾ ਸੀ। ਸੁਦਾਗਰ ਰਾਮ ਮਿਰਜ਼ਾ ਪੀਲੂ ਸ਼ਾਇਰ ਦਾ ਹੀ ਗਾਉਂਦਾ ਸੀ ਜੋ ਪੰਜਾਬੀਆਂ ਦੀ ਹਰਮਨ ਪਿਆਰੀ ਰਚਨਾ ਹੈ। ਹੀਰ ਵਾਰਿਸ ਸ਼ਾਹ ਦੀ, ਜੈਮਲ ਫੱਤਾ ਭਾਗੇ ਸ਼ਾਇਰ ਦਾ, ਸੈਫ ਮਲੂਕ ਟੁੰਡੇ ਸ਼ਾਇਰ ਦਾ ਤੇ ਦਹੂਦ ਮਾਹੀ ਕੰਬੋ ਸ਼ਾਇਰ ਅੰਮ੍ਰਿਤਸਰ ਜਿਸ ਨੂੰ ਉਹ ਮਾਹਯਾਰ ਕਹਿੰਦਾ ਸੀ, ਦਾ ਗਾਉਂਦਾ ਸੀ। ਇਨ੍ਹਾਂ ਤੋਂ ਇਲਾਵਾ ਪੂਰਨ ਕਾਲੀਦਾਸ ਗੁੱਜਰਾਂ ਵਾਲੀਏ ਦਾ ਗਾਉਂਦਾ ਸੀ ਅਤੇ ਸੱਸੀ ਕਰੀਮ ਬਖਸ਼ ਦੀ। ਇਸ ਪ੍ਰਕਾਰ ਉਸ ਵੱਲੋਂ ਵੱਖ ਵੱਖ ਸ਼ਾਇਰਾਂ ਦੀਆਂ ਰਚਨਾਵਾਂ ਗਾਈਆਂ ਜਾਂਦੀਆਂ ਸਨ।
ਬਾਬਾ ਸੁਦਾਗਰ ਰਾਮ 1978 ਤੋਂ ਰੇਡੀਓ ਦਾ ਪ੍ਰਵਾਨਿਤ ਕਲਾਕਾਰ ਸੀ। ਆਲ ਇੰਡੀਆ ਰੇਡੀਓ ਦੇ ਜਲੰਧਰ ਕੇਂਦਰ ’ਤੇ ਉਸ ਦੀਆਂ ਜੈਮਲ ਫੱਤਾ, ਰਾਜਾ ਰਸਾਲੂ, ਵੀਰ ਜੋਧ, ਸੈਫ ਮਲੂਕ, ਪੀਰ ਮੁਰਾਦੀਆ ਆਦਿ ਗਾਥਾਵਾਂ ਸਮੇਂ ਸਮੇਂ ’ਤੇ ਰਿਕਾਰਡ ਹੋਈਆਂ ਜੋ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ। ਉਹ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦਾ ਵੀ ਰਜਿਸਟਰਡ ਕਲਾਕਾਰ ਸੀ। ਇਸ ਕੇਂਦਰ ਵੱਲੋਂ ਉਹ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਆਪਣੀ ਕਲਾ ਦੇ ਜੌਹਰ ਦਿਖਾ ਆਇਆ ਸੀ।
ਬਾਬਾ ਸੁਦਾਗਰ ਰਾਮ ਦੀ ਕੁਝ ਰਿਕਾਰਡਿੰਗ ਯੂ ਟਿਊਬ ’ਤੇ ਮੌਜੂਦ ਹੈ। ਇਸ ਵਿੱਚ ਮਿਰਜ਼ਾ ਦੋ ਭਾਗ, ਹੀਰ ਅਤੇ ਸੱਸੀ ਦੀਆਂ ਗਾਥਾਵਾਂ ਸ਼ਾਮਲ ਹਨ। ਏਸੇ ਤਰ੍ਹਾਂ ਦਿੱਲੀ ਦੀ ਇੱਕ ਕੰਪਨੀ ਆਰ.ਐੱਸ.ਪੀ.ਬੀ. ਵੱਲੋਂ ਵੀ ਸੁਦਾਗਰ ਰਾਮ ਦੀ ਆਵਾਜ਼ ਵਿੱਚ ਸਵਾ ਕੁ ਘੰਟੇ ਦੀ ਰਿਕਾਰਡਿੰਗ ਕੀਤੀ ਗਈ ਸੀ। ਇਸ ਕੰਪਨੀ ਨੇ ਪ੍ਰੋਡਿਊਸਰ ਰਵਿੰਦਰ ਪਾਲ ਸਿੰਘ ਬੇਦੀ ਅਤੇ ਡਾਇਰੈਕਟਰ ਰਾਜਿੰਦਰ ਸਿੰਘ ਟਾਂਕ ਦੀ ਅਗਵਾਈ ਵਿੱਚ ਇਹ ਰਿਕਾਰਡਿੰਗ ਕੀਤੀ ਸੀ। ਇਹ ਕੁੱਲ ਗਿਆਰਾਂ ਰਚਨਾਵਾਂ ਸਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਕੇਵਲ ਰਿਕਾਰਡਿੰਗ ਤੱਕ ਹੀ ਸੀਮਿਤ ਰਹਿ ਗਈ। ਰਿਲੀਜ਼ ਹੋ ਕੇ ਅਵਾਮ ਤੱਕ ਨਹੀਂ ਪਹੁੰਚ ਸਕੀ।
ਪਿਛਲੀ ਸਦੀ ਦੇ ਆਖਰੀ ਸਾਲਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਗੁਰਨਾਮ ਸਿੰਘ ਦੀ ਅਗਵਾਈ ਅਧੀਨ ਕਰਵਾਏ ਗਏ ਲੋਕ ਸੰਗੀਤ ਮੇਲਿਆਂ ਵਿੱਚ ਬਾਬਾ ਸੁਦਾਗਰ ਰਾਮ ਨੇ ਲਗਾਤਾਰ ਹਾਜ਼ਰੀ ਲੁਆਈ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਸ ਦੀ ਕਲਾ ਦਾ ਸਨਮਾਨ ਕਰਦੇ ਹੋਏ ਯੂਨੀਵਰਸਿਟੀ ਵੱਲੋਂ ਉਸ ਨੂੰ ਗੋਲਡ ਮੈਡਲ ਵੀ ਦਿੱਤਾ ਗਿਆ ਸੀ।
ਸਮੇਂ ਅਨੁਸਾਰ ਸੁਦਾਗਰ ਰਾਮ ਨੇ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕੀਤਾ। ਉਸ ਦੀ ਜੀਵਨ ਸਾਥਣ ਬਣੀ ਮੁਣਸ਼ੀ ਰਾਮ ਦੀ ਧੀ ਸ਼ਾਨੋ ਰਾਣੀ। ਇਹ ਪਰਿਵਾਰ ਵੀ ਪਾਕਿਸਤਾਨ ਵਿੱਚੋਂ ਕਾਫਲੇ ਨਾਲ ਏਧਰ ਆ ਗਿਆ ਸੀ ਤੇ ਹੁਣ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਭਗਵਾਨਪੁਰ ਵਿਖੇ ਰਹਿ ਰਿਹਾ ਹੈ। ਬਾਬਾ ਸੁਦਾਗਰ ਰਾਮ ਦਾ ਪੁੱਤਰ ਅਮਰਜੀਤ ਚਮਕ ਵੀ ਸੰਗੀਤ ਨਾਲ ਜੁੜਿਆ ਹੋਇਆ ਹੈ। ਉਹ ਆਪਣੇ ਪਿਤਾ ਨਾਲ ਢੋਲਕ ’ਤੇ ਸਾਥ ਦਿੰਦਾ ਰਿਹਾ ਹੈ। ਕਿੰਗ ਨਾਲ ਖ਼ੁਦ ਗਾਉਂਦਾ ਵੀ ਰਿਹਾ ਹੈ। ਉਹ ਆਲ ਇੰਡੀਆ ਰੇਡੀਓ ਜਲੰਧਰ ਦਾ ਕਲਾਕਾਰ ਰਿਹਾ ਹੈ। ਬਾਬਾ ਸੁਦਾਗਰ ਰਾਮ ਦੇ ਨਾਂ ਨੂੰ ਚਾਰ ਚੰਨ ਲਾਏ ਉਸ ਦੇ ਸ਼ਾਗਿਰਦ ਜਗਤ ਰਾਮ ਲਾਲਕਾ ਨੇ। ਜਗਤ ਰਾਮ ਨੇ ਅਨਾਇਤ ਕੋਟੀਏ ਨਵਾਬ ਘੁਮਾਰ ਦੀ ਵਿਰਾਸਤ ਨੂੰ ਅੱਗੇ ਤੋਰਿਆ। ਬਾਬਾ ਸੁਦਾਗਰ ਰਾਮ ਦਾ ਇੱਕ ਹੋਰ ਸ਼ਾਗਿਰਦ ਸੁਰਜੀਤ ਸਫ਼ਰੀ ਹੈ। ਇਹ ਸਮਾਣਾ (ਪਟਿਆਲਾ) ਸ਼ਹਿਰ ਦੀ ਬਸਤੀ ਅਮਾਮਗੜ੍ਹ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ। ਇਸ ਦੀ ਆਵਾਜ਼ ਬੜੀ ਸੁਰੀਲੀ ਅਤੇ ਬੁਲੰਦ ਹੈ।
ਬਾਬਾ ਸੁਦਾਗਰ ਰਾਮ ਨੇ ਲਗਭਗ ਸੱਤ ਦਹਾਕੇ ਰੱਜ ਕੇ ਗਾਇਆ। ਉਹ ਆਪਣੇ ਅੰਤ ਸਮੇਂ ਤੱਕ ਗਾਉਂਦਾ ਰਿਹਾ। ਅਖੀਰ 28 ਨਵੰਬਰ 2011 ਨੂੰ ਉਸ ਦਾ ਭੌਰ ਵਜੂਦ ਵਿੱਚੋਂ ਉਡਾਰੀ ਮਾਰ ਗਿਆ। ਭਾਵੇਂ ਉਹ ਸਰੀਰਕ ਤੌਰ ’ਤੇ ਇੱਥੋਂ ਚਲਾ ਗਿਆ, ਪ੍ਰੰਤੂ ਉਸ ਦੀ ਆਵਾਜ਼ ਅੱਜ ਵੀ ਅਸੀਂ ਸੁਣ ਸਕਦੇ ਹਾਂ।

Advertisement

ਸੰਪਰਕ: 84271-00341

Advertisement
Advertisement