ਸ਼ਿਆਮ ਸਿੰਘ ਰਾਣਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 31 ਜਨਵਰੀ
ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਪੀਡਬਲਯੂਡੀ ਰੈੱਸਟ ਹਾਊਸ ਵਿੱਚ ਦਰਬਾਰ ਲਗਾਇਆ ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੈਬਨਿਟ ਮੰਤਰੀ ਅਨਿਲ ਵਿਜ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਉਨ੍ਹਾਂ ਕਿਹਾ, ‘‘ਮੈਨੂੰ ਤਾਂ ਅਜਿਹਾ ਮਹਿਸੂਸ ਨਹੀਂ ਹੁੰਦਾ।’’ ਅਧਿਕਾਰੀਆਂ ਦੀ ਪਿੱਠ ਥਪਥਪਾਉਂਦਿਆਂ ਉਨ੍ਹਾਂ ਕਿਹਾ ਕਿ ਅਧਿਕਾਰੀ ਸਮਰੱਥ ਹਨ ਅਤੇ ਉਹ ਜਾਣਦੇ ਹਨ ਕਿ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਹਮਣੇ ਗੈਰ-ਮਨਜ਼ੂਰਸ਼ੁਦਾ ਕਲੋਨੀਆਂ, ਗਲੀਆਂ ਦੀ ਉਸਾਰੀ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਸਮੱਸਿਆਵਾਂ ਆਈਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਵਿਭਾਗਾਂ ਦੇ ਅਧਿਕਾਰੀ ਹੱਲ ਕਰ ਦੇਣਗੇ। ਸ਼ਿਆਮ ਸਿੰਘ ਰਾਣਾ ਨੇ ਅਨਿਲ ਵਿੱਜ ਦੇ ਇਸ ਬਿਆਨ ਕਿ ਅਧਿਕਾਰੀ ਸੁਣਦੇ ਨਹੀਂ ਅਤੇ ਕੰਮ ਨਹੀਂ ਕਰਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਮੈਨੂੰ ਅਜਿਹਾ ਨਹੀਂ ਲੱਗਦਾ, ਅਧਿਕਾਰੀ ਸਾਡੀ ਗੱਲ ਸੁਣਦੇ ਹਨ ਅਤੇ ਉਸ ਨੂੰ ਪੂਰਾ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਅਨਿਲ ਵਿਜ ਬਹੁਤ ਸੀਨੀਅਰ ਮੰਤਰੀ ਹਨ। ਸ੍ਰੀ ਵਿੱਜ ਵੱਲੋਂ ਵਰਤ ਰੱਖਣ ਦੇ ਸਵਾਲ ’ਤੇ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਲੋਕ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਵਰਤ ਰੱਖਦੇ ਹਨ। ਉਨ੍ਹਾਂ ਨੂੰ ਵੀ ਇਹ ਕਰਨਾ ਚਾਹੀਦਾ ਹੈ, ਪਰ ਇਸ ਤੋਂ ਪਹਿਲਾਂ ਹੀ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੇਗੀ ਅਤੇ ਉਨ੍ਹਾਂ ਦਾ ਹੱਲ ਕਰੇਗੀ। ਖੇਤੀ ਮੰਤਰੀ ਨੇ ਯਮੁਨਾ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ, ‘‘ਅਸੀਂ ਦਿੱਲੀ ਨੂੰ ਸਾਫ਼ ਪਾਣੀ ਭੇਜਦੇ ਹਾਂ। ਦਿੱਲੀ ਵਿੱਚ 24 ਨਾਲੇ ਯਮੁਨਾ ਵਿੱਚ ਡਿੱਗਦੇ ਹਨ।’’