ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਮਾਕਲ ਜਿਹਾ ਪੰਛੀ ਜੰਗਲੀ ਬਟੇਰਾ

10:37 AM Jul 25, 2020 IST

ਗੁਰਮੀਤ ਸਿੰਘ*

Advertisement

ਜੰਗਲੀ ਬਟੇਰਾ ਬਹੁਤ ਖ਼ੂਬਸੂਰਤ ਤੇ ਸ਼ਰਮਾਕਲ ਪੰਛੀ ਹੈ। ਪੰਜਾਬੀ ਵਿਚ ਇਸਨੂੰ ਜੰਗਲੀ ਬਟੇਰਾ, ਅੰਗਰੇਜ਼ੀ ਵਿਚ ਜੰਗਲ ਬੁਸ਼ ਕੁਏਲ (Jungle Bush Quail) ਅਤੇ ਹਿੰਦੀ ਵਿਚ ਜੰਗਲੀ ਲਵਾ ਕਿਹਾ ਜਾਂਦਾ ਹੈ। ਇਸ ਦਾ ਆਕਾਰ 15 ਤੋਂ 18 ਸੈਂਟੀਮੀਟਰ ਹੁੰਦਾ ਹੈ। ਜੰਗਲੀ ਬਟੇਰੇ ਦਾ ਕੁਦਰਤੀ ਨਿਵਾਸ ਜ਼ਿਆਦਾਤਰ ਸੁੱਕੇ ਘਾਹ ਦੇ ਮੈਦਾਨ ਹੀ ਹੁੰਦੇ ਹਨ, ਪਰ ਅਸੀਂ ਇਨ੍ਹਾਂ ਨੂੰ ਵਣ ਖੇਤਰਾਂ ਵਿਚ ਵੀ ਦੇਖ ਸਕਦੇ ਹਾਂ। ਇਹ ਪੰਛੀ ਦੱਖਣੀ ਏਸ਼ੀਆ ਵਿਚ ਪਾਏ ਜਾਣ ਵਾਲੇ ਬਟੇਰਿਆਂ ਦੀ ਇਕ ਪ੍ਰਜਾਤੀ ਹੈ। ਇਹ ਪੰਛੀ ਆਮ ਤੌਰ ’ਤੇ ਸੁਭਾਅ ਵਿਚ ਸ਼ਰਮਾਕਲ ਹੁੰਦਾ ਹੈ। ਜੰਗਲੀ ਬਟੇਰੇ ਦੀ ਲੰਬਾਈ ਲਗਭਗ 6.3-7.2 ਇੰਚ (16-18 ਸੈਂਟੀਮੀਟਰ) ਅਤੇ ਭਾਰ 57-81 ਗ੍ਰਾਮ ਹੁੰਦਾ ਹੈ। ਨਰ ਦੇ ਉੱਪਰਲੇ ਪਾਸੇ ਦਾ ਰੰਗ ਬਦਾਮੀ ਭਾਹ ਮਾਰਦਾ ਹੈ ਜਿਸ ਵਿਚ ਕਾਲੀਆਂ ਅਤੇ ਪੀਲੀਆਂ ਧਾਰੀਆਂ ਅਤੇ ਦਾਗ਼ ਹੁੰਦੇ ਹਨ। ਇਸ ਦੇ ਹੇਠਲੇ ਪਾਸੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿਚ ਸੰਘਣੀਆਂ ਕਾਲੀਆਂ ਧਾਰੀਆਂ ਹੁੰਦੀਆਂ ਹਨ। ਮਾਦਾ ਦਾ ਹੇਠਲੇ ਪਾਸੇ ਦਾ ਰੰਗ ਹਲਕਾ ਬਦਾਮੀ ਭਾਹ ਮਾਰਦਾ ਗੁਲਾਬੀ ਹੁੰਦਾ ਹੈ। ਦੋਹਾਂ ਦੇ ਮੱਥੇ ਤੋਂ ਪਿੱਛੇ ਵੱਲ ਜਾਂਦੀ ਅਤੇ ਗਰਦਨ ਦੇ ਪਾਸਿਆਂ ਤੋਂ ਹੇਠਾਂ ਵੱਲ ਜਾਂਦੀ ਪੀਲੇ ਅਤੇ ਹਲਕੇ ਅਖ਼ਰੋਟੀ ਰੰਗ ਦੀ ਧਾਰੀ ਅਤੇ ਉੱਪਰਲੇ ਪਾਸੇ ਇਕ ਚਮਕੀਲੀ, ਅਖ਼ਰੋਟ ਰੰਗੀ ਚੇਪੀ ਹੁੰਦੀ ਹੈ। ਇਸ ਤਰ੍ਹਾਂ ਨਰ ਜੰਗਲੀ ਬਟੇਰੇ ਦੀ ਛਾਤੀ ’ਤੇ ਚਿੱਟੀਆਂ ਤੇ ਕਾਲੀਆਂ ਲਾਈਨਾਂ ਹੁੰਦੀਆਂ ਹਨ। ਮਾਦਾ ਸੂਹੇ ਲਾਲ ਰੰਗ ਵਿਚ ਹੁੰਦੀ ਹੈ।

ਜੰਗਲੀ ਬਟੇਰੇ ਦੀ ਖੁਰਾਕ ਵਿਚ ਮੁੱਖ ਤੌਰ ’ਤੇ ਕਈ ਕਿਸਮ ਦੇ ਘਾਹ ਅਤੇ ਬੂਟੀਆਂ ਅਤੇ ਬਾਜਰੇ ਦੇ ਬੀਜ ਹੁੰਦੇ ਹਨ ਅਤੇ ਇਹ ਕੀੜੇ-ਮਕੌੜੇ ਵੀ ਖਾਂਦੇ ਹਨ। ਨਰ ਜੰਗਲੀ ਬਟੇਰੇ ਲਗਭਗ 6 ਮਹੀਨਿਆਂ ਦੀ ਉਮਰ ਵਿਚ ਪ੍ਰਜਣਨ ਲਈ ਤਿਆਰ ਹੋ ਜਾਂਦੇ ਹਨ। ਇਹ ਬਟੇਰੇ ਸੁੱਕੇ ਝਾੜ, ਬਰੋਟੇ ਅਤੇ ਖੁੱਲ੍ਹੇ ਪਤਝੜ ਵਾਲੇ ਜੰਗਲ ਅਤੇ ਪਥਰੀਲੀਆਂ ਘਾਹ ਵਾਲੀਆਂ ਥਾਵਾਂ ਨੂੰ ਪਸੰਦ ਕਰਦੇ ਹਨ। ਉਹ ਆਲ੍ਹਣੇ ਲਈ ਕੰਡਿਆਲੀਆਂ ਝਾੜੀਆਂ ਤੇ ਪਥਰੀਲੇ ਖੇਤਰਾਂ ਨੂੰ ਤਰਜੀਹ ਦਿੰਦੇ ਹਨ।

Advertisement

ਇਨ੍ਹਾਂ ਦਾ ਪ੍ਰਜਣਨ ਦਾ ਮੌਸਮ ਅੱਧ-ਬਸੰਤ (ਅਪਰੈਲ) ਵਿਚ ਸ਼ੁਰੂ ਹੁੰਦਾ ਹੈ ਜੋ ਪਤਝੜ ਤਕ ਜਾਰੀ ਰਹਿੰਦਾ ਹੈ। ਕਈ ਥਾਵਾਂ ਤੇ ਪ੍ਰਜਣਨ ਮੀਂਹ ਤੋਂ ਬਾਅਦ ਹੁੰਦਾ ਹੈ ਅਤੇ ਸਰਦ ਰੁੱਤ ਦੇ ਆਉਂਦੇ ਹੀ ਖ਼ਤਮ ਹੋ ਜਾਂਦਾ ਹੈ। ਨਰ ਜੰਗਲੀ ਬਟੇਰਾ ਮਾਦਾ ਨੂੰ ਖੇਤਰੀ ਚੁਣੌਤੀ ਲਈ ‘ਚੀਂ-ਚੀਂ-ਚੁੱਕ’ ਦੀਆਂ ਆਵਾਜ਼ਾਂ ਕੱਢਦਾ ਹੈ, ਹਾਲਾਂਕਿ ਪ੍ਰਜਣਨ ਦੇ ਮੌਸਮ ਦੌਰਾਨ ਨਰ ਬਟੇਰ ਬਹੁਤ ਗੁਸੈਲ ਅਤੇ ਖੇਤਰ ਪ੍ਰਤੀ ਸੁਚੇਤ ਹੋ ਜਾਂਦੇ ਹਨ। ਮਾਦਾ ਜੰਗਲੀ ਬਟੇਰ 5 ਤੋਂ 7 ਕਰੀਮ ਰੰਗ ਦੇ ਚਮਕਦਾਰ ਆਂਡੇ ਦਿੰਦੀ ਹੈ। ਇਨ੍ਹਾਂ ਦੀ ਪ੍ਰਫੁੱਲਿਤ ਹੋਣ ਦੀ ਮਿਆਦ 19 ਤੋਂ 20 ਦਨਿ ਹੁੰਦੀ ਹੈ। ਮਾਦਾ ਬਟੇਰ ਲਗਭਗ ਹਮੇਸ਼ਾਂ ਇਕੱਲੀ ਹੀ ਆਂਡੇ ਸੇਂਹਦੀ ਹੈ, ਪਰ ਨਰ ਜੰਗਲੀ ਬਟੇਰ ਚੂਜ਼ਿਆਂ ਦੇ ਪਾਲਣ-ਪੋਸ਼ਣ ਵਿਚ ਸਹਾਇਤਾ ਕਰਦਾ ਹੈ।

ਜੰਗਲੀ ਬਟੇਰ ਥੋੜ੍ਹੀ ਜਿਹੀ ਹਲਚਲ ਹੋਣ ’ਤੇ ਘਬਰਾਹਟ ਮਹਿਸੂਸ ਕਰਦੇ ਹਨ। ਇਹ ਸ਼ਰਮਾਕਲ ਅਤੇ ਸੁਚੇਤ ਪੰਛੀ ਹੈ। ਇਨ੍ਹਾਂ ਨੂੰ ਪਾਲਤੂ ਰੱਖਣ ਲਈ ਚਿੜੀਆ ਘਰਾਂ ਵਿਚ ਖੁੱਲ੍ਹੀਆਂ ਥਾਵਾਂ ’ਤੇ ਬਹੁਤ ਸਾਰੇ ਘਾਹ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਨੂੰ ਰੇਤ ਵਿਚ ਨਹਾਉਣਾ ਪਸੰਦ ਹੈ। ਇਨ੍ਹਾਂ ਨੂੰ ਪਹਿਲਾਂ ਮਨੁੱਖ ਵੱਲੋਂ ਆਪਣੇ ਨਿੱਜੀ ਖਾਣ ਦੇ ਮਨਸੂਬੇ ਲਈ ਪਾਲਤੂ ਰੱਖਿਆ ਜਾਂਦਾ ਸੀ, ਪਰ ਹੁਣ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਪਾਲਤੂ ਨਹੀਂ ਰੱਖਿਆ ਜਾ ਸਕਦਾ। ਇਸ ਨੂੰ ਐਕਟ ਦੇ ਸ਼ਡਿਊਲ-4 ਵਿਚ ਰੱਖ ਕੇ ਸੁਰੱਖਿਅਤ ਰੱਖਿਆ ਗਿਆ ਹੈ। ਜੰਗਲੀ ਬਟੇਰਾ ਆਈ.ਯੂ.ਸੀ.ਐੱਨ. ਅਨੁਸਾਰ ਘੱਟ ਮਿਲਣ ਵਾਲੀਆਂ ਪ੍ਰਜਾਤੀਆਂ ਵਿਚ ਨਹੀਂ ਹੈ, ਪਰ ਤੇਜ਼ੀ ਨਾਲ ਸ਼ਹਿਰੀਕਰਨ ਅਤੇ ਵਧ ਰਹੇ ਵਸੋਂ ਦੇ ਪਸਾਰੇ ਨਾਲ ਉਨ੍ਹਾਂ ਦੀ ਨਸਲ ਨੂੰ ਗੰਭੀਰ ਖ਼ਤਰਾ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।

ਸੰਪਰਕ: 98884-56910

Advertisement
Tags :
ਸ਼ਰਮਾਕਲਜੰਗਲੀਜਿਹਾਪੰਛੀਬਟੇਰਾ