ਸ਼ੁਤਰਾਣਾ ਸੜਕ ਦੀਆਂ ਬਰਮਾਂ ਉੱਤੇ ਮਿੱਟੀ ਪਾਈ
ਸ਼ਾਹਬਾਜ਼ ਸਿੰਘ
ਘੱਗਾ, 26 ਜੁਲਾਈ
ਪਿੰਡ ਬਕਰਾਹਾ ਥੇਹ ਨੇੜੇ ਨਵੀਂ ਬਣੀ ਰੇਤਗੜ੍ਹ ਸ਼ੁਤਰਾਣਾ ਸੜਕ ਦੀਆਂ ਬਰਮਾਂ ਖੁਰਨ ਦਾ ਮਾਮਲਾ ਪੰਜਾਬੀ ਟ੍ਰਬਿਿਊਨ ਵੱਲੋਂ ਧਿਆਨ ਵਿੱਚ ਲਿਆਉਣ ਉੱਤੇ ਪੀਡਬਲਿਊਡੀ ਮਹਿਕਮੇ ਵੱਲੋਂ ਮਿੱਟੀ ਪਵਾ ਕੇ ਬਰਮਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੱਚੀ ਮਿੱਟੀ ਪਹਿਲੀ ਬਾਰਸ਼ ਨਾਲ ਰੁੜ੍ਹ ਜਾਣੀ ਹੈ ਤੇ ਮਾਮਲਾ ਉੱਥੇ ਦਾ ਉਥੇ ਰਹੇਗਾ।
ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਹੋਰ ਵਿਕਾਸ ਕਾਰਜਾਂ ਤੋਂ ਇਲਾਵਾ ਰੇਤਗੜ੍ਹ ਸ਼ੁਤਰਾਣਾ ਸੜਕ ਦੇ ਜਲਦ ਨਵੀਨੀਕਰਨ ਦੇ ਨਾਂ ਉੱਤੇ ਵੀ ਹਲਕੇ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ ਸਨ ਤੇ ਜਿੱਤਣ ਮਗਰੋਂ ਇਸ ਸੜਕ ਦੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਸੀ ਪਰ ਸੜਕ ਦਾ ਕੰਮ ਸਿਰੇ ਨਹੀਂ ਲੱਗ ਸਕਿਆ ਅਤੇ ਟੋਟਿਆਂ ਵਿੱਚ ਨਵਿਆਈ ਇਸ ਸੜਕ ਦੇ ਰਹਿੰਦੇ ਹਿੱਸਿਆਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਸ ਦੇ ਨਵੀਨੀਕਰਨ ਦੀ ਆਸ ਨਜ਼ਰ ਨਹੀਂ ਆ ਰਹੀ। ਇਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਸ਼ੁਤਰਾਣਾ ਦੀ ਸਾਰ ਨਹੀਂ ਲਈ ਹੈ।
ਦੂਜੇ ਪਾਸੇ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਫੰਡ ਸੀਲ ਕਰ ਦਿੱਤੇ ਗਏ ਹਨ ਜਿਸ ਕਾਰਨ ਕਾਰਨ ਸੜਕ ਦਾ ਕੰਮ ਰੁਕ ਗਿਆ ਹੈ ਤੇ ਇਸ ਸਾਲ ਸੜਕ ਦਾ ਕੰਮ ਚੱਲਣ ਦੀ ਸੰਭਾਵਨਾ ਨਹੀਂ ਹੈ। ਇਸੇ ਦੌਰਾਨ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਦਾ ਮੋਬਾਈਲ ਨੰਬਰ ਬੰਦ ਹੋਣ ਕਾਰਨ ਇਸ ਮਸਲੇ ਉਤੇ ਗੱਲ ਨਹੀਂ ਹੋ ਸਕੀ।