For the best experience, open
https://m.punjabitribuneonline.com
on your mobile browser.
Advertisement

ਅੱਧੀ ਰਾਤੀਂ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ

08:06 AM Mar 01, 2024 IST
ਅੱਧੀ ਰਾਤੀਂ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ
ਖਨੌਰੀ ਬਾਰਡਰ ’ਤੇ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਕਾਫ਼ਲੇ ਦੀ ਤਸਵੀਰ।
Advertisement

ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 29 ਫਰਵਰੀ
ਖਨੌਰੀ ਬਾਰਡਰ ’ਤੇ ਸਿਰ ’ਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਅੱਠ ਦਿਨਾਂ ਮਗਰੋਂ 28/29 ਫਰਵਰੀ ਦੀ ਅੱਧੀ ਰਾਤ ਨੂੰ ਪੁਲੀਸ ਦੇ ਸਖ਼ਤ ਪਹਿਰੇ ਹੇਠ ਕੀਤਾ ਗਿਆ। ਇਸ ਸਬੰਧੀ ਸਹਿਮਤੀ ਜਗਜੀਤ ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਅਤੇ ਅਧਿਕਾਰੀਆਂ ਦਰਮਿਆਨ ਮੀਟਿੰਗਾਂ ਦੌਰਾਨ ਬਣੀ। ਸਹਿਮਤੀ ਮੁਤਾਬਕ ਪੰਜਾਬ ਸਰਕਾਰ ਵਲੋਂ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲੀਸ ਵਿਚ ਸਿਪਾਹੀ ਭਰਤੀ ਕੀਤਾ ਜਾਵੇਗਾ ਤੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ। ਇਸ ਤੋਂ ਬਾਅਦ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਸਪਤਾਲ ’ਚ ਸੱਦ ਲਿਆ ਗਿਆ ਤੇ ਬੀਤੀ ਰਾਤ ਕੇਸ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀਆਂ ਕਾਪੀਆਂ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਆਗੂਆਂ ਨੂੰ ਸੌਂਪਣ ਤੋਂ ਬਾਅਦ ਹੀ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦਿੱਤੀ। ਅੱਧੀ ਰਾਤ ਨੂੰ ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵੱਲੋਂ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਕੀਤੀ ਗਈ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਮੁਆਵਜ਼ੇ ਅਤੇ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਤਾਂ ਪਰਿਵਾਰ ਅਤੇ ਕਿਸਾਨ ਆਗੂਆਂ ਨੇ ਇਹ ਕਹਿ ਕੇ ਪੇਸ਼ਕਸ਼ ਠੁਕਰਾ ਦਿੱਤੀ ਸੀ ਕਿ ਜਿੰਨੀ ਦੇਰ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਕੇਸ ਦਰਜ ਨਹੀਂ ਕੀਤਾ ਜਾਂਦਾ ਓਨੀ ਦੇਰ ਉਹ ਪੋਸਟਮਾਰਟਮ ਨਹੀਂ ਕਰਨ ਦੇਣਗੇ। ਇਸ ਉਪਰੰਤ 29 ਫਰਵਰੀ ਦੀ ਸਵੇਰ ਸ਼ੁਭਕਰਨ ਦੀ ਮ੍ਰਿਤਕ ਦੇਹ ਇੱਕ ਗੱਡੀ ਰਾਹੀਂ ਇਥੋਂ ਦੇ ਢਾਬੀ ਗੁੱਜਰਾਂ ਬਾਰਡਰ ਲਈ ਰਵਾਨਾ ਹੋਈ। ਇਸ ਤੋਂ ਪਹਿਲਾਂ ਇਥੇ ਪੁੱਜੇ ਵੱਡੀ ਗਿਣਤੀ ਕਿਸਾਨਾਂ ਨੇ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਉਧਰ ਪਿਛਲੇ ਦਿਨਾਂ ਤੋਂ ਇਥੇ ਮੁਰਦਾਘਰ ਦੇ ਬਾਹਰ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਵੀ ਅੱਜ ਸਮਾਪਤ ਕਰ ਦਿੱਤਾ ਗਿਆ। ਸ਼ੁਭਕਰਨ ਦੀ ਦੇਹ ਨੂੰ ਜਦੋਂ ਲਿਜਾਇਆ ਗਿਆ ਤਾਂ ਸੜਕਾਂ ਕਿਨਾਰੇ ਖੜ੍ਹੇ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਉਸ ਨੂੰ ਸ਼ਰਧਾ ਭੇਟ ਕਰਦਿਆਂ ਸ਼ੁਭਕਰਨ ਦੇ ਹੱਕ ’ਚ ਨਾਅਰੇ ਵੀ ਲਾਏ। ਕਈ ਥਾਈਂ ਰਸਤੇ ’ਚ ਖੜ੍ਹੇ ਕਿਸਾਨਾਂ ਨੇ ਉਸ ਦੀ ਮ੍ਰਿਤਕ ਦੇਹ ਵਾਲੀ ਗੱਡੀ ’ਤੇ ਫੁੱਲ ਵੀ ਵਰਸਾਏ।

Advertisement

ਜ਼ੀਰੋ ਨੰਬਰ ’ਤੇ ਦਰਜ ਹੋਈ ਹੈ ਐੱਫਆਈਆਰ

ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਮੌਤ ਸਬੰਧੀ ਅੱਠ ਦਿਨਾਂ ਤੱਕ ਚੱਲੇ ਰੇੜਕੇ ਉਪਰੰੰਤ ਕੱਲ੍ਹ ਰਾਤ ਭਾਵੇਂ ਪਾਤੜਾਂ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ (ਫਸਟ ਇਨਫਰਮੇਸ਼ਨ ਰਿਪੋਰਟ) ਜ਼ੀਰੋ ਨੰਬਰ ’ਤੇ ਦਰਜ ਕੀਤੀ ਗਈ ਹੈ ਪਰ ਇਸ ਨੂੰ ਬਣਦਾ ਨੰਬਰ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜ੍ਹੀ ਦੀ ਪੁਲੀਸ ਵੱੱਲੋਂ ਲਾਇਆ ਜਾਵੇਗਾ। ਇਸ ਐੱਫਆਈਆਰ ਅਨੁਸਾਰ ਸ਼ੁਭਕਰਨ ਦੀ ਮੌਤ ਸਬੰਧੀ ਘਟਨਾ ਥਾਣਾ ਗੜ੍ਹੀ ਦੇ ਖੇਤਰ ’ਚ ਵਾਪਰੀ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਭਾਵੇਂ ਮੁੱਖ ਤੌਰ ’ਤੇ ਘਟਨਾ ਸਥਾਨ ਨਾਲ ਸਬੰਧਤ ਥਾਣੇ ਵਿਚ ਹੀ ਕੇਸ ਦਰਜ ਕਰਵਾਉਣਾ ਹੁੰਦਾ ਹੈ ਪਰ ਕਾਨੂੰਨ ’ਚ ਦੇਸ਼ ਦੇ ਕਿਸੇ ਵੀ ਥਾਣੇ ’ਚ ਕੇਸ ਦਰਜ ਕਰਵਾਉਣ ਦੀ ਵਿਵਸਥਾ ਵੀ ਹੈ। ਜੇਕਰ ਪੁਲੀਸ ਨੂੰ ਇਹ ਗੱਲ ਪਹਿਲਾਂ ਹੀ ਪਤਾ ਹੋਵੇੇ ਕਿ ਇਹ ਘਟਨਾ ਉਨ੍ਹਾਂ ਦੇ ਥਾਣੇ ਨਾਲ ਸਬੰਧਤ ਨਹੀਂ ਹੈ ਤਾਂ ਐੱਫਆਈਆਰ ਨੂੰ ਜ਼ੀਰੋ ਨੰਬਰ ਲਾਇਆ ਜਾਂਦਾ ਹੈ ਤੇ ਬਾਅਦ ’ਚ ਇਹੀ ਐੱਫਆਈਆਰ ਸਬੰਧਤ ਥਾਣੇ ਨੂੰ ਭੇਜ ਦਿੱਤੀ ਜਾਂਦੀ ਹੈ, ਜਿਥੇ ਬਣਦਾ ਨੰਬਰ ਲਾਇਆ ਜਾਂਦਾ ਹੈ। ਸ਼ੁਭਕਰਨ ਸਿੰਘ ਦੇ ਮਾਮਲੇ ’ਚ ਵੀ ਇਸੇ ਤਰ੍ਹਾਂ ਹੀ ਹੋਇਆ ਹੈ। ਇਹ ਕੇਸ ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਪੁਲੀਸ ਨੇ ਤਹਿਕੀਕਾਤ ਕਰਨ ਦੇ ਹਵਾਲੇ ਨਾਲ ਐੱਫਆਈਆਰ ’ਚ ਅੱਗੇ ਜਾ ਕੇ ਜ਼ਿਕਰ ਕੀਤਾ ਹੈ ਕਿ ਇਹ ਘਟਨਾ ਸਥਾਨ ਹਰਿਆਣਾ ਦੇ ਥਾਣਾ ਗੜ੍ਹੀ ਦਾ ਬਣਦਾ ਹੈ, ਜਿਸ ਕਰ ਕੇ ਇਹ ਐੱਫਆਈਆਰ ਜ਼ੀਰੋ ਨੰਬਰ ਦੇ ਤਹਿਤ ਦਰਜ ਕੀਤੀ ਜਾ ਰਹੀ ਹੈ।

ਖਨੌਰੀ ਬਾਰਡਰ ’ਤੇ ਸ਼ੁਭਕਰਨ ਸਿੰਘ ਨੂੰ ਕਿਸਾਨਾਂ ਵੱਲੋਂ ਸ਼ਰਧਾਂਜਲੀ

ਖਨੌਰੀ ਬਾਰਡਰ ’ਤੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਸਾਨ ਆਗੂ। -ਫੋਟੋ: ਪੀਟੀਆਈ

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਖਨੌਰੀ ਬਾਰਡਰ ’ਤੇ ਅੱਜ ਜਿਉਂ ਹੀ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਕਿਸਾਨਾਂ ਦਾ ਵੱਡਾ ਕਾਫ਼ਲਾ ਪੁੱਜਿਆ ਤਾਂ ਕਿਸਾਨਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਜਵਾਨ ਉਮਰੇ ਆਪਣੀ ਜ਼ਿੰਦਗੀ ਕਿਸਾਨੀ ਸੰਘਰਸ਼ ਦੇ ਲੇਖੇ ਲਾਉਣ ਵਾਲੇ ਸ਼ੁਭਕਰਨ ਸਿੰਘ ਦੇ ਆਖ਼ਰੀ ਦਰਸ਼ਨ ਕਰਨ ਲਈ ਹਜ਼ਾਰਾਂ ਕਿਸਾਨਾਂ ਦੀ ਭੀੜ ਜੁੜੀ। ਖਨੌਰੀ ਬਾਰਡਰ ’ਤੇ ਅੱਜ ‘ਸ਼ਹੀਦ ਸ਼ੁਭਕਰਨ ਸਿੰਘ ਅਮਰ ਰਹੇ, ਸ਼ੁਭਕਰਨ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਆਦਿ ਨਾਅਰੇ ਗੂੰਜਦੇ ਰਹੇ। ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦੇ ਕਾਫ਼ਲੇ ਅੱਗੇ ਇੱਕ ਜਿਪਸੀ ਉਪਰ ਸ਼ੁਭਕਰਨ ਸਿੰਘ ਦੀ ਤਸਵੀਰ ਲੱਗੀ ਹੋਈ ਸੀ ਜਿਸ ਉਪਰ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ। ਸੜਕ ਦੇ ਦੋਵੇਂ ਪਾਸੇ ਕਿਸਾਨੀ ਝੰਡਿਆਂ ਸਮੇਤ ਕਿਸਾਨ ਸ਼ੁਭਕਰਨ ਦੀ ਸ਼ਹਾਦਤ ਨੂੰ ਸਿਜਦਾ ਕਰਨ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਖੜ੍ਹੇ ਹੋਏ। ਸ਼ੁਭਕਰਨ ਦੀ ਸ਼ਹਾਦਤ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਅੱਜ ਕਿਸਾਨਾਂ ਦੀਆਂ ਅੱਖਾਂ ਨਮ ਸਨ। ਕਾਫ਼ਲੇ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਅਭਿਮਨਿਊ ਕੋਹਾੜ, ਸੁਖਜਿੰਦਰ ਸਿੰਘ ਖੋਸਾ ਆਦਿ ਸ਼ਾਮਲ ਸਨ। ਸ੍ਰੀ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ।

Advertisement
Author Image

sukhwinder singh

View all posts

Advertisement
Advertisement
×